ਭਾਰਤ ਦੇ 9000 ਕਰੋੜ ਦੇ ਕਰਜ਼ਦਾਰ ਵਿਜੇ ਮਾਲਿਆ ਲੰਡਨ ''ਚ ਗ੍ਰਿਫਤਾਰ

04/18/2017 4:28:38 PM

ਲੰਡਨ— ਭਾਰਤੀ ਬੈਂਕਾਂ ਦੇ 9000 ਕਰੋੜ ਦੇ ਕਰਜ਼ਦਾਰ ਵਿਜੇ ਮਾਲਿਆ ਨੂੰ ਲੰਡਨ ''ਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮੰਗਲਵਾਰ ਨੂੰ ਵਿਜੇ ਮਾਲਿਆ ਨੂੰ ਵੈਸਟਮਿੰਸਟਰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਬ੍ਰਿਟਿਸ਼ ਸਰਕਾਰ ਨੇ ਇਸ ਦੀ ਜਾਣਕਾਰੀ ਭਾਰਤ ਸਰਕਾਰ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਾਲਿਆ ਨੂੰ ਭਾਰਤ ਸਰਕਾਰ ਨੇ ਭਗੋੜਾ ਐਲਾਨ ਕੀਤਾ ਹੋਇਆ ਹੈ। ਵਿਜੇ ਮਾਲਿਆ ਬੀਤੇ ਸਾਲ 2 ਮਾਰਚ ਨੂੰ ਦੇਸ਼ ਛੱਡ ਕੇ ਲੰਡਨ ਫਰਾਰ ਹੋ ਗਏ ਸਨ। ਭਾਰਤ ਸਰਕਾਰ ਨੇ ਮਾਲਿਆ ਦੀ ਭਾਰਤ ਹਵਾਲਗੀ ਲਈ ਬ੍ਰਿਟੇਨ ਸਰਕਾਰ ਤੋਂ ਮੰਗ ਕੀਤੀ ਸੀ। ਇਹ ਮਾਮਲਾ ਬ੍ਰਿਟੇਨ ਦੀ ਅਦਾਲਤ ਵਿਚ ਚੱਲ ਰਿਹਾ ਸੀ। 

ਕੀ ਹੁਣ ਭਾਰਤ ਲਿਆਂਦਾ ਜਾਵੇਗਾ ਮਾਲਿਆ—

ਮਾਲਿਆ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਸਾਰਿਆਂ ਦਾ ਧਿਆਨ ਇਸ ਗੱਲ ''ਤੇ ਹੈ ਕਿ ਕੀ ਮੋਦੀ ਸਰਕਾਰ ਮਾਲਿਆ ਨੂੰ ਲੈ ਕੇ ਭਾਰਤ ਆਵੇਗੀ। ਮਾਲਿਆ ਨੇ ਦੇਸ਼ ਛੱਡਣ ਤੋਂ ਬਾਅਦ ਮੋਦੀ ਸਰਕਾਰ ''ਤੇ ਕਰਾਰਾ ਹਮਲਾ ਬੋਲਿਆ ਸੀ। ਸਰਕਾਰ ਨੇ ਐਲਾਨ ਕੀਤਾ ਸੀ ਮਾਲਿਆ ਨੂੰ ਕਿਸੀ ਵੀ ਕੀਮਤ ''ਤੇ ਦੇਸ਼ ਵਾਪਸ ਲਿਆਂਦਾ ਜਾਵੇਗਾ। ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਅਤੇ ਸੀ. ਬੀ. ਆਈ. ਸਮੇਤ ਸਾਰੀਆਂ ਏਜੰਸੀਆਂ ਮਾਲਿਆ ਦੀ ਤਲਾਸ਼ ਵਿਚ ਸਨ। ਮਿਊਚਲ ਲੀਗਲ ਅਸਿਸਟੈਂਟ ਟ੍ਰੀਟੀ ਨੂੰ ਟੂਲ ਦੇ ਤੌਰ ''ਤੇ ਇਸਤੇਮਾਲ ਕਰਦੇ ਹੋਏ ਮਾਲਿਆ ਦੀ ਭਾਰਤ ਹਵਾਲਗੀ ਕੀਤੀ ਜਾ ਸਕਦੀ ਹੈ।