ਬਜਟ ''ਚ ਸੈਰ-ਸਪਾਟਾ ਸੈਕਟਰ ਨੂੰ ਮਿਲੇਗੀ ਸੌਗਾਤ

01/06/2018 1:03:26 PM

ਨਵੀਂ ਦਿੱਲੀ— ਅਗਲੇ ਮਹੀਨੇ ਪੇਸ਼ ਹੋਣ ਜਾ ਰਹੇ ਕੇਂਦਰੀ ਬਜਟ 'ਚ ਯਾਤਰਾ ਅਤੇ ਸੈਰ-ਸਪਾਟਾ ਸੈਕਟਰ ਦੇ ਟੈਕਸਾਂ 'ਚ ਕਟੌਤੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਇਸ ਦੇ ਇਲਾਵਾ ਦੇਸ਼ ਦੇ 210 ਅਰਬ ਡਾਲਰ ਦੇ ਸੈਰ-ਸਪਾਟਾ ਖੇਤਰ ਨੂੰ ਹੋਰ ਕਈ ਫਾਇਦੇ ਦਿੱਤੇ ਜਾ ਸਕਦੇ ਹਨ, ਜਿਸ ਨਾਲ ਆਰਥਿਕ ਵਿਕਾਸ ਨੂੰ ਵਾਧਾ ਮਿਲੇ ਅਤੇ ਜ਼ਿਆਦਾ ਨੌਕਰੀਆਂ ਪੈਦਾ ਹੋਣ। ਸਰਕਾਰ ਜੇਕਰ ਇਸ ਤਰ੍ਹਾਂ ਦਾ ਕਦਮ ਚੁੱਕਦੀ ਹੈ ਤਾਂ ਆਬਾਦੀ ਦੇ ਹਿਸਾਬ ਨਾਲ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਦੇਸ਼ 'ਚ ਘਰੇਲੂ ਸੈਰ-ਸਪਾਟਾ ਖੇਤਰ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਇਕ ਅਧਿਕਾਰੀ ਮੁਤਾਬਕ ਇਸ ਸਾਲ ਸਰਕਾਰ ਜ਼ਿਆਦਾ ਖੇਤਰੀ ਏਅਰਲਾਈਨਾਂ ਦੀ ਪੇਸ਼ਕਸ਼ ਕਰੇਗੀ, ਜਿਸ ਨਾਲ ਨਵੇਂ ਅਤੇ ਘੱਟ ਸੇਵਾ ਪ੍ਰਦਾਨ ਕਰਨ ਵਾਲੇ ਹਵਾਈ ਅੱਡਿਆ ਨੂੰ ਜੋੜਿਆ ਜਾ ਸਕੇ।
ਚਾਲੂ ਮਾਲੀ ਵਰ੍ਹੇ 'ਚ ਸਤੰਬਰ ਦੇ ਅਖੀਰ ਤਕ ਸੈਰ-ਸਪਾਟਾ ਖੇਤਰ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10 ਫੀਸਦੀ ਤੋਂ ਜ਼ਿਆਦਾ ਵਧਿਆ ਹੈ। ਪਿਛਲੇ ਸਾਲ ਇਸ ਮਿਆਦ 'ਚ ਸੈਰ-ਸਪਾਟਾ ਖੇਤਰ 'ਚ 8 ਫੀਸਦੀ ਗ੍ਰੋਥ ਹੋਈ ਸੀ। ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਮੁਤਾਬਕ ਇਸ ਖੇਤਰ 'ਚ ਨਿਵੇਸ਼ ਨੂੰ ਆਕਰਸ਼ਤ ਕਰਨ ਲਈ ਬਜਟ 'ਚ ਅਹਿਮ ਕਦਮਾਂ ਦਾ ਐਲਾਨ ਕੀਤੀ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਹੋਟਲ ਦੇ ਕਿਰਾਏ 'ਤੇ ਲੱਗਣ ਵਾਲੇ 28 ਫੀਸਦੀ ਜੀ. ਐੱਸ. ਟੀ. ਨੂੰ ਘੱਟ ਕਰਨ ਦੇ ਇਲਾਵਾ ਨਿੱਜੀ ਖੇਤਰ ਤੋਂ ਨਿਵੇਸ਼ ਆਕਰਸ਼ਤ ਕਰਨ ਲਈ ਇਨਸੈਂਟਿਵ ਦੀ ਪੇਸ਼ਕਸ਼ ਕਰਨਾ ਚਾਹੁੰਦੇ ਹਨ। ਇਸ ਨਾਲ ਇੰਡੀਗੋ, ਜੈੱਟ ਏਅਰਵੇਜ਼ ਵਰਗੀਆਂ ਏਅਰਲਾਈਨਾਂ, ਤਾਜਮਹਿਲ ਹੋਟਲ ਚਲਾਉਣ ਵਾਲੇ ਇੰਡੀਅਨ ਹੋਟਲ ਵਰਗੇ ਆਪ੍ਰੇਟਰਾਂ ਨੂੰ ਫਾਇਦਾ ਮਿਲਣ ਦੀ ਉਮੀਦ ਹੈ। ਇਸ ਨਾਲ ਟੂਰ ਆਪ੍ਰੇਟਰਾਂ ਨੂੰ ਵੀ ਫਾਇਦਾ ਮਿਲਣ ਦੀ ਸੰਭਾਵਨਾ ਹੈ। ਭਾਰਤ 'ਚ ਸੈਲਾਨੀ ਹੋਟਲ ਦੇ ਕਮਰੇ ਅਤੇ ਯਾਤਰਾ 'ਤੇ ਫਿਲਹਾਲ 30 ਫੀਸਦੀ ਟੈਕਸ ਦਾ ਭੁਗਤਾਨ ਕਰਦੇ ਹਨ, ਜਦੋਂ ਕਿ ਸਿੰਗਾਪੁਰ, ਥਾਈਲੈਂਡ ਅਤੇ ਇੰਡੋਨੇਸ਼ੀਆ 'ਚ 10 ਫੀਸਦੀ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ। ਸੈਰ-ਸਪਾਟਾ ਸੈਕਟਰ 'ਚ ਟੈਕਸਾਂ 'ਚ ਕਟੌਤੀ ਦੇ ਨਾਲ ਨਵੇਂ ਹੋਟਲਾਂ 'ਤੇ ਨਿਵੇਸ਼ 'ਚ ਛੋਟ ਮਿਲ ਸਕਦੀ ਹੈ।