ਬਜਟ 2020 : ਜਾਣੋ ਆਮਦਨ ਟੈਕਸ ਦਾ ਕਿਹੜਾ ਵਿਕਲਪ ਚੁਣਨਾ ਹੋ ਸਕਦਾ ਹੈ ਫਾਇਦੇਮੰਦ

02/03/2020 12:57:58 PM

ਨਵੀਂ ਦਿੱਲੀ — ਸਾਲਾਨਾ 13 ਲੱਖ ਰੁਪਏ ਤੋਂ ਜ਼ਿਆਦਾ ਸੈਲਰੀ ਅਤੇ ਵੱਖ-ਵੱਖ ਨਿਵੇਸ਼ ਉਪਾਵਾਂ ਦੇ ਜ਼ਰੀਏ ਦੋ ਲੱਖ ਰੁਪਏ ਤੱਕ ਦੀ ਕਟੌਤੀ ਲੈਣ ਵਾਲੇ ਵਿਅਕਤੀਆਂ ਨੂੰ ਪ੍ਰਸਤਾਵਿਤ ਨਵੀਂ ਟੈਕਸ ਵਿਵਸਥਾ ਅਪਣਾਉਣ ਨਾਲ ਟੈਕਸ ਪੇਮੈਂਟ 'ਚ ਫਾਇਦਾ ਹੋ ਸਕਦਾ ਹੈ। ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੂਜੇ ਪਾਸੇ 12 ਲੱਖ ਤੋਂ ਘੱਟ ਤਨਖਾਹ ਵਾਲੇ ਅਤੇ ਦੋ ਲੱਖ ਰੁਪਏ ਤੱਕ ਦੀ ਕਟੌਤੀ ਲੈਣ ਵਾਲੇ ਤਨਖਾਹਦਾਰ ਤਬਕੇ ਲਈ ਪੁਰਾਣੀ ਟੈਕਸ ਵਿਵਸਥਾ ਹੀ ਫਾਇਦੇਮੰਦ ਰਹੇਗੀ। ਉਨ੍ਹਾਂ ਨੂੰ ਪੁਰਾਣੀ ਵਿਵਸਥਾ ਤਹਿਤ ਘੱਟ ਟੈਕਸ ਦੇਣਾ ਹੋਵੇਗਾ।

ਕਿਹੜੇ ਟੈਕਸਦਾਤਿਆਂ ਨੂੰ ਮਿਲ ਸਕਦੈ ਇਸ ਦਾ ਲਾਭ

ਉਪਲੱਬਧ ਅੰਕੜਿਆਂ ਮੁਤਾਬਕ 5.78 ਕਰੋੜ ਟੈਕਸਦਾਤਿਆਂ ਵਿਚੋਂ 5.3 ਕਰੋੜ ਦੇ ਕਰੀਬ ਟੈਕਸਦਾਤੇ 2 ਲੱਖ ਰੁਪਏ ਤੋਂ ਘੱਟ ਦੀ ਛੋਟ ਜਾਂ ਕਟੌਤੀ ਦਾ ਦਾਅਵਾ ਕਰਦੇ ਹਨ। ਇਹ ਛੋਟ ਮਿਆਰੀ ਕਟੌਤੀ, ਪ੍ਰੋਵੀਡੈਂਟ ਫੰਡ, ਹੋਮ ਲੋਨ ਦੇ ਵਿਆਜ, ਐਨ.ਪੀ.ਐਸ. 'ਚ ਯੋਗਦਾਨ, ਜੀਵਨ ਬੀਮਾ ਪ੍ਰੀਮੀਅਮ ਦੀ ਅਦਾਇਗੀ , ਮੈਡੀਕਲ ਬੀਮਾ ਪ੍ਰੀਮੀਅਮ ਆਦਿ'ਤੇ ਮਿਲਣ ਵਾਲੀ ਕਟੌਤੀ ਦੇ ਤਹਿਤ ਉਪਲਬਧ ਹੁੰਦੀ ਹੈ। ਇਸਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਅਸਲ ਵਿਚ 90% ਦੇ ਕਰੀਬ ਵਿਅਕਤੀਗਤ ਟੈਕਸਦਾਤਾ 2 ਲੱਖ ਰੁਪਏ ਤੋਂ ਘੱਟ ਦੀ ਟੈਕਸ ਕਟੌਤੀ ਦਾ ਦਾਅਵਾ ਕਰਦੇ ਹਨ।

13 ਲੱਖ ਤੋਂ ਵੱਧ ਕਮਾਈ 'ਤੇ ਕਿੰਨਾ ਟੈਕਸ?

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ 2020-21 ਦਾ ਆਮ ਬਜਟ ਪੇਸ਼ ਕਰਦਿਆਂ ਟੈਕਸਦਾਤਿਆਂ ਲਈ ਨਵੀਂ ਸੱਤ ਸਲੈਬ ਵਾਲੀ ਟੈਕਸ ਪ੍ਰਣਾਲੀ ਦਾ ਵਿਕਲਪ ਦਿੱਤਾ ਹੈ। ਨਵੀਂ ਟੈਕਸ ਪ੍ਰਣਾਲੀ ਨੂੰ ਅਪਣਾਉਣ ਵਾਲਿਆਂ ਨੂੰ ਵਰਤਮਾਨ 'ਚ ਉਪਲੱਬਧ ਬਹੁਤ ਸਾਰੀਆਂ ਛੋਟਾਂ ਅਤੇ ਰਿਆਇਤਾਂ ਨਹੀਂ ਮਿਲਣਗੀਆਂ। ਸੂਤਰਾਂ ਨੇ ਦੱਸਿਆ ਕਿ ਸਾਲਾਨਾ 13 ਲੱਖ ਰੁਪਏ ਜਾਂ ਇਸ ਤੋਂ ਵੱਧ ਕਮਾਈ ਕਰਨ ਵਾਲੇ ਵਿਅਕਤੀ ਨੂੰ ਪ੍ਰਸਤਾਵਿਤ ਨਵੇਂ ਟੈਕਸ ਢਾਂਚੇ ਵਿਚ 1.43 ਲੱਖ ਰੁਪਏ ਦਾ ਟੈਕਸ ਦੇਣਾ ਪਵੇਗਾ, ਜਦੋਂ ਕਿ ਮੌਜੂਦਾ ਪੁਰਾਣੀ ਪ੍ਰਣਾਲੀ ਵਿਚ 1.48 ਲੱਖ ਰੁਪਏ ਦੀ ਟੈਕਸ ਦੇਣਦਾਰੀ ਬਣੇਗੀ।

ਨਵੀਂ ਟੈਕਸ ਪ੍ਰਣਾਲੀ ਵਿਚ ਕਿੰਨਾ ਟੈਕਸ ਵੰਡਿਆ ਜਾਵੇਗਾ?

ਇਸ ਤਰ੍ਹਾਂ ਨਵੀਂ ਪ੍ਰਣਾਲੀ ਵਿਚ ਟੈਕਸਦਾਤੇ ਨੂੰ 5,200 ਰੁਪਏ ਦੀ ਬਚਤ ਹੋਵੇਗੀ। ਇਸ ਦੇ ਨਾਲ ਹੀ ਨਵੀਂ ਪ੍ਰਣਾਲੀ ਵਿਚ 14 ਲੱਖ ਰੁਪਏ ਦੀ ਸਾਲਾਨਾ ਤਨਖਾਹ 10,400 ਰੁਪਏ ਅਤੇ 15 ਲੱਖ ਅਤੇ ਇਸ ਤੋਂ ਵੱਧ ਦੀ ਤਨਖਾਹ 'ਤੇ 15,600 ਰੁਪਏ ਦੀ ਬਚਤ ਹੋਵੇਗੀ। ਇਸ ਗਣਨਾ ਵਿਚ ਵਿਅਕਤੀਆਂ ਵਲੋਂ ਦੋ ਲੱਖ ਰੁਪਏ ਤੱਕ ਦੀਆਂ ਵੱਖ ਵੱਖ ਬਚਤਾਂ ਤੇ ਕਟੌਤੀ ਦਾ ਦਾਅਵਾ ਵੀ ਸ਼ਾਮਲ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਗੈਰ-ਤਨਖਾਹਦਾਰ (ਨਾਨ ਸੈਲਰੀਡ) ਵਿਅਕਤੀਆਂ 'ਚ ਜਿਨ੍ਹਾਂ ਨੂੰ 50,000 ਰੁਪਏ ਦੀ ਮਿਆਰੀ ਕਟੌਤੀ ਨਹੀਂ ਮਿਲਦੀ ਹੈ। ਉਨ੍ਹਾਂ ਨੂੰ ਸਾਲਾਨਾ 9.5 ਲੱਖ ਰੁਪਏ ਦੀ ਕਮਾਈ ਕਰਨ ਵਾਲੇ ਅਤੇ 1.5 ਲੱਖ ਰੁਪਏ ਤਕ ਦੀ ਕਟੌਤੀ ਦਾ ਲਾਭ ਲੈਣ ਵਾਲੇ ਵਿਅਕਤੀਆਂ ਲਈ ਨਵੀਂ ਟੈਕਸ ਪ੍ਰਣਾਲੀ ਵਿਚ 5,200 ਰੁਪਏ ਤਕ ਦਾ ਫਾਇਦਾ ਮਿਲ ਸਕਦਾ ਹੈ।

ਢਾਈ ਲੱਖ ਰੁਪਏ ਤੱਕ ਦੀ ਆਮਦਨ ਦੋਵਾਂ ਪ੍ਰਣਾਲੀਆਂ ਵਿਚ ਟੈਕਸ ਫਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੇਂ ਟੈਕਸ ਢਾਂਚੇ ਵਿਚ ਮੌਜੂਦਾ 5 ਪ੍ਰਤੀਸ਼ਤ, 20 ਪ੍ਰਤੀਸ਼ਤ ਅਤੇ 30 ਪ੍ਰਤੀਸ਼ਤ ਆਮਦਨ ਕਰ ਦਰਾਂ ਤੋਂ ਇਲਾਵਾ 10 ਪ੍ਰਤੀਸ਼ਤ, 15 ਪ੍ਰਤੀਸ਼ਤ ਅਤੇ 25 ਪ੍ਰਤੀਸ਼ਤ ਦੇ ਤਿੰਨ ਨਵੇਂ ਸਲੈਬ ਸ਼ਾਮਲ ਕੀਤੇ ਹਨ। ਦੋਵਾਂ ਹੀ ਵਿਵਸਥਾਵਾਂ ਵਿਚ ਢਾਈ ਲੱਖ ਰੁਪਏ ਤਕ ਦੀ ਆਮਦਨ ਟੈਕਸ ਮੁਕਤ ਰੱਖੀ ਗਈ ਹੈ। ਹਾਲਾਂਕਿ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਦੋਵਾਂ ਪ੍ਰਬੰਧਾਂ ਵਿਚ 5 ਲੱਖ ਰੁਪਏ ਤਕ ਦੀ ਟੈਕਸਯੋਗ ਆਮਦਨ 'ਤੇ ਟੈਕਸ ਨਹੀਂ ਦੇਣਾ ਹੋਵੇਗਾ।