ਬਜਟ 2020 : ਇਨ੍ਹਾਂ 5 ਪੁਰਾਤੱਤਵ ਸਥਾਨਾਂ ਨੂੰ ਵਿਕਸਿਤ ਕਰੇਗੀ ਮੋਦੀ ਸਰਕਾਰ

02/01/2020 6:04:46 PM

ਨਵੀਂ ਦਿੱਲੀ — ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੇਂਦਰ ਸਰਕਾਰ ਦਾ ਸਾਲ 2020-21 ਦਾ ਬਜਟ ਪੇਸ਼ ਕੀਤਾ। ਇਸ ਬਜਟ ਵਿਚ ਜਿਥੇ ਦੇਸ਼ ਦੇ ਆਮ ਆਦਮੀ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਉਥੇ ਦੂਜੇ ਪਾਸੇ ਇਸ ਬਜਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਸਰਕਾਰ ਨੇ ਇਸ ਸਾਲ ਦੇਸ਼ ਦੇ ਵੱਡੇ ਪੁਰਾਤੱਤਵ ਸਥਾਨਾਂ ਨੂੰ ਸੈਰ-ਸਪਾਟੇ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਹੈ। ਕੇਂਦਰੀ ਬਜਟ ਪੇਸ਼ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਕਿ ਪੰਜ ਸੂਬਿਆਂ 'ਚ ਸਥਿਤ ਪ੍ਰਸਿੱਧ ਪੁਰਾਤੱਤਵ ਸਥਾਨਾਂ ਨੂੰ ਅਜਾਇਬ ਘਰਾਂ ਦੇ ਨਾਲ ਵਿਕਸਿਤ ਕੀਤਾ ਜਾਵੇਗਾ।

ਕੇਂਦਰੀ ਵਿੱਤ ਮੰਤਰੀ ਨੇ ਜਿਹੜੇ ਪੰਜ ਪੁਰਾਤੱਤਵ ਸਥਾਨਾਂ ਦੇ ਵਿਕਾਸ ਦਾ ਐਲਾਨ ਕੀਤਾ ਹੈ ਉਨ੍ਹਾਂ 'ਚ ਹਰਿਆਣੇ ਦਾ ਰਾਖੀਗੜ੍ਹੀ, ਮਹਾਭਾਰਤ ਕਾਲ ਦਾ ਹਸਤਿਨਾਪੁਰ (ਉੱਤਰ ਪ੍ਰਦੇਸ਼), ਸ਼ਿਵਸਾਗਰ (ਅਸਾਮ), ਧੋਲਾਵੀਰਾ (ਗੁਜਰਾਤ) ਅਤੇ ਅਦਿਚਨਲੂੱਰ (ਤਾਮਿਲਨਾਡੂ) ਸ਼ਾਮਲ ਹਨ।

ਰਾਖੀਗੜ੍ਹੀ, ਹਰਿਆਣਾ

ਹੁਣ ਤੱਕ ਮੋਹਨਜੋਦੜੋ, ਹੜੱਪਾ ਸੱਭਿਅਤਾ ਦਾ ਸਭ ਤੋਂ ਵੱਡਾ ਸਥਾਨ ਮੰਨਿਆ ਜਾਂਦਾ ਹੈ, ਪਰ ਹਰਿਆਣਾ ਦੇ ਹਿਸਾਰ ਜ਼ਿਲੇ ਦੇ ਰਾਖੀਗੜ੍ਹੀ ਪਿੰਡ ਨੇ ਇਸਨੂੰ ਦੂਸਰੇ ਸਥਾਨ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸਿਰਫ ਇੰਨਾ ਹੀ ਨਹੀਂ ਰਾਖੀਗੜੀ ਦੀ ਖੋਜ ਵੀ ਅਜਿਹੇ ਸਥਾਨਾਂ ਦੇ ਇਤਿਹਾਸ ਨੂੰ ਬਦਲਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਸਿੰਧੂ ਘਾਟੀ ਦੀ ਸੱਭਿਅਤਾ ਨਾਲ ਜੁੜੇ ਬਹੁਤ ਸਾਰੇ ਪ੍ਰਸ਼ਨਾਂ ਦੇ ਜਵਾਬ ਰਾਖੀਗੜ੍ਹੀ ਤੋਂ ਮਿਲ ਸਕਦੇ ਹਨ। ਰਾਖੀਗੜ੍ਹੀ 'ਚ ਸਾਲ 2015 ਤੋਂ ਹੁਣ ਤੱਕ ਕੀਤੀ ਗਈ ਜੈਨੇਟਿਕ ਖੋਜ ਦੇ ਨਤੀਜੇ ਸਾਇੰਸ ਜਰਨਲ ਵਿਚ ਜਲਦੀ ਪ੍ਰਕਾਸ਼ਤ ਕੀਤੇ ਜਾਣਗੇ। ਰਾਖੀਗੜ੍ਹੀ ਤੋਂ ਮਿਲੇ 4500 ਸਾਲ ਪੁਰਾਣੇ ਪਿੰਜਰ ਦੇ ਡੀਐਨਏ ਨੇ ਖੁਲਾਸਾ ਕੀਤਾ ਹੈ ਕਿ ਪ੍ਰਾਚੀਨ ਰਾਖੀਗੜ੍ਹੀ ਦੇ ਲੋਕ ਦੱਖਣੀ ਭਾਰਤ ਵਿਚ ਰਹਿੰਦੇ ਪੁਰਖਾਂ ਅਤੇ ਈਰਾਨ ਦੇ ਖੇਤੀਬਾੜੀ ਲੋਕਾਂ ਦੇ ਮਿਸ਼ਰਤ ਖੂਨ ਸਨ।

ਹਸਤੀਨਾਪੁਰ, ਉੱਤਰ ਪ੍ਰਦੇਸ਼

ਮੇਰਠ ਦੇ ਕੋਲ ਮੌਜੂਦ ਹਸਤੀਨਾਪੁਰ ਨੂੰ ਮਹਾਭਾਰਤ ਕਾਲ ਦੌਰਾਨ ਕੌਰਵਾਂ ਅਤੇ ਪਾਂਡਵਾਂ ਦੇ ਪੁਰਖਾਂ ਦੇ ਰਾਜ ਵਜੋਂ ਜਾਣਿਆ ਜਾਂਦਾ ਹੈ। ਮਹਾਭਾਰਤ ਵਿਚ ਦਰਸਾਈ ਗਈ  ਕੁਰੂਕਸ਼ੇਤਰ ਦੀ ਲੜਾਈ ਇਸੇ ਸੂਬੇ 'ਚ ਲੜੀ ਗਈ ਸੀ। ਪੁਰਾਤੱਤਵ-ਵਿਗਿਆਨੀਆਂ ਨੂੰ ਇਸ ਦੇ ਨੇੜੇ ਇਕ ਪਿੰਡ ਮਿਲਿਆ ਹੈ, ਜਿਸ 'ਤੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ 2000 ਸਾਲ ਪਹਿਲਾਂ ਦਾ ਪਿੰਡ ਹੈ।


ਧੋਲਾਵੀਰਾ, ਗੁਜਰਾਤ

ਗੁਜਰਾਤ ਦੇ ਧੋਲਾਵੀਰਾ ਨੂੰ ਭਾਰਤ 'ਚ ਸਥਿਤ ਦੋ ਹੜੱਪਾ ਸ਼ਹਿਰਾਂ ਵਿਚੋਂ ਦੂਜਾ ਸ਼ਹਿਰ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਸ਼ਹਿਰ 1800 ਬੀ.ਸੀ. ਤੋਂ 3000 ਬੀ.ਸੀ. ਵਿਚਕਾਰ 1,200 ਸਾਲਾਂ ਦੀ ਮਿਆਦ 'ਚ ਇਹ ਸ਼ਹਿਰ ਵਸਿਆ ਸੀ। ਇਹ ਪੁਰਾਤੱਤਵ ਸਥਾਨ ਪਹਿਲੀ ਵਾਰ 1967 ਵਿਚ ਲੱਭਿਆ ਗਿਆ ਸੀ। 1990 ਦੇ ਬਾਅਦ ਤੋਂ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਯੋਜਨਾਬੱਧ ਖੁਦਾਈ ਕੀਤੀ ਜਾ ਰਹੀ ਹੈ।

ਖੁਦਾਈ ਦੇ ਬਾਅਦ ਬਹੁਤ ਸਾਰੀਆਂ ਕਲਾਕ੍ਰਿਤੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਵਿਚ ਟੇਰੇਕੋਟਾ ਮਿੱਟੀ ਦੇ ਭਾਂਡੇ, ਮੋਤੀ, ਸੋਨੇ ਅਤੇ ਤਾਂਬੇ ਦੇ ਗਹਿਣੇ ਅਤੇ ਆਯਾਤਿਤ ਬਰਤਨ ਸ਼ਾਮਲ ਹਨ। ਇਥੇ ਖੁਦਾਈ ਕਰਨ ਤੋਂ ਬਾਅਦ ਇਸ ਸੱਭਿਅਤਾ ਦੇ ਪੁਰਾਣੇ ਮੇਸੋਪੋਟੇਮੀਆ ਨਾਲ ਵਪਾਰਕ ਸੰਬੰਧ ਦੇ ਵੀ ਸੰਕੇਤ ਮਿਲੇ ਹਨ। ਇਸ ਤੋਂ ਇਲਾਵਾ ਇਸ ਸਾਈਟ ਤੋਂ ਇੰਡਸ ਵੈਲੀ ਲਿਪੀ ਵਿਚ ਉੱਕਰੇ 10 ਵੱਡੇ ਸ਼ਿਲਾਲੇਖ ਮਿਲੇ ਹਨ ਜੋ ਵਿਸ਼ਵ ਦੇ ਸਭ ਤੋਂ ਪੁਰਾਣੇ ਸਾਈਨ ਬੋਰਡ ਵਜੋਂ ਜਾਣੇ ਜਾਂਦੇ ਹਨ। ਪੁਰਾਤੱਤਵ-ਵਿਗਿਆਨੀਆਂ ਨੂੰ ਸ਼ੱਕ ਹੈ ਕਿ ਲੋਕਾਂ ਨੇ ਬਾਅਦ ਵਿਚ ਇਸ ਸ਼ਹਿਰ ਛੱਡ ਦਿੱਤਾ ਅਤੇ ਇਕ ਸਰਲ ਜੀਵਨ ਸ਼ੈਲੀ 'ਚ ਰਹਿਣ ਲੱਗੇ।

ਅਦੀਚਨਲਲੂਰ, ਤਾਮਿਲਨਾਡੂ

ਪੁਰਾਤੱਤਵ-ਵਿਗਿਆਨੀਆਂ ਨੇ ਤਾਮਿਲਨਾਡੂ ਦੇ ਥੂਥੁਕੁੜੀ ਜ਼ਿਲੇ ਵਿਚ ਇਸ ਖੁਦਾਈ ਵਾਲੀ ਜਗ੍ਹਾ 'ਤੇ ਮਿਲੀ ਕਲਾਕ੍ਰਿਤੀਆਂ ਨੂੰ ਕਾਰਬਨ ਡੇਟਿੰਗ ਤੋਂ ਬਾਅਦ ਇਸ ਨੂੰ ਪ੍ਰਾਚੀਨ ਤਾਮਿਲ ਸਭਿਅਤਾ ਦੇ ਹਿੱਸੇ ਵਜੋਂ ਇਸ ਵੱਲ ਇਸ਼ਾਰਾ ਕੀਤਾ ਹੈ। ਵਿਗਿਆਨੀ ਮੰਨਦੇ ਹਨ ਕਿ 905 ਈਸਵੀ ਪੂਰਵ ਅਤੇ 696 ਈਸਵੀ ਪੂਰਵ ਦੇ ਵਿਚਕਾਰ ਦੀ ਮਿਆਦ 'ਚ ਇਥੇ ਜੀਵਨ ਸੰਭਵ ਸੀ ਅਤੇ ਲੋਕ ਇਥੇ ਤਮਿਲ ਸਭਿਅਤਾ ਦੇ ਨਾਲ ਰਹਿੰਦੇ ਸਨ।