ਬਜਟ 2020 : LIC ਵਿਚ ਆਪਣੀ ਕੁਝ ਹਿੱਸੇਦਾਰੀ ਵੇਚੇਗੀ ਸਰਕਾਰ

02/01/2020 5:14:24 PM

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਆਪਣੇ ਵਿਨਿਵੇਸ਼ ਪ੍ਰੋਗਰਾਮ ਦੇ ਤਹਿਤ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ(LIC) 'ਚ ਆਪਣੀ ਕੁਝ ਹਿੱਸੇਦਾਰੀ ਵੇਚਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਲੋਕਸਭਾ 'ਚ 2020-21 ਦਾ ਬਜਟ ਭਾਸ਼ਣ ਪੜ੍ਹਦੇ ਹੋਏ ਇਹ ਐਲਾਨ ਕੀਤਾ ਹੈ ਕਿ ਸਰਕਾਰ ਐਲਆਈਸੀ ਵਿਚ ਆਪਣੀ ਹਿੱਸੇਦਾਰੀ ਵੇਚੇਗੀ। ਵਿੱਤ ਮੰਤਰੀ ਦੇ ਇਸ ਐਲਾਨ ਨਾਲ ਵਿਰੋਧੀ ਧਿਰਾਂ ਵਿਚ ਹੰਗਾਮਾ ਹੋ ਗਿਆ। ਵਿੱਤ ਮੰਤਰੀ ਨੇ ਕਿਹਾ ਕਿ 15 ਵੇਂ ਵਿੱਤ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ, ਜਿਸ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ LIC ਨੂੰ ਸ਼ੇਅਰ ਬਜ਼ਾਰ 'ਚ ਸੂਚੀਬੱਧ ਕਰਵਾਇਆ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਸੂਚੀਬੱਧਤਾ ਨਾਲ ਕੰਪਨੀਆਂ 'ਚ ਵਿੱਤੀ ਅਨੁਸ਼ਾਸਨ ਵਧਦਾ ਹੈ। ਉਨ੍ਹਾਂ ਨੇ ਕਿਹਾ ਕਿ IPO ਦੇ ਜ਼ਰੀਏ LIC 'ਚ ਆਪਣੀ ਕੁਝ ਹਿੱਸੇਦਾਰੀ ਵੇਚਣ ਦਾ ਪ੍ਰਸਤਾਵ ਹੈ। ਮੌਜੂਦਾ ਸਮੇਂ 'ਚ ਪੂਰੀ ਹਿੱਸੇਦਾਰੀ ਸਰਕਾਰ ਕੋਲ ਹੈ। ਵਿੱਤ ਮੰਤਰੀ ਨੇ ਕਿਹਾ ਕਿ 2020-21 ਲਈ ਜੀਡੀਪੀ ਦਾ ਅਨੁਮਾਨ 10 ਪ੍ਰਤੀਸ਼ਤ ਹੈ। ਇਸ ਵਿੱਤੀ ਵਰ੍ਹੇ ਵਿਚ ਖਰਚੇ ਦਾ ਅਨੁਮਾਨ ਲਗਭਗ 26 ਲੱਖ ਕਰੋੜ ਰੁਪਏ ਹੈ।


Related News