ਬਜਟ 2019 : ਪਹਿਲੀ ਵਾਰ ਇਹ ਵੱਡਾ ਫੈਸਲਾ, ਫੌਜ ਦੀ ਵਧੇਗੀ ਤਾਕਤ

02/01/2019 5:22:28 PM

ਨਵੀਂ ਦਿੱਲੀ— ਸਰਹੱਦਾਂ 'ਤੇ ਡਟੇ ਫੌਜੀ ਵੀਰਾਂ ਦੀ ਤਾਕਤ ਵਧਾਉਣ ਲਈ ਮੋਦੀ ਸਰਕਾਰ ਨੇ ਅੰਤਰਿਮ ਬਜਟ 'ਚ ਰੱਖਿਆ ਸੈਕ‍ਟਰ ਲਈ ਇਤਿਹਾਸਕ ਫੈਸਲਾ ਕੀਤਾ ਹੈ। ਪਹਿਲੀ ਵਾਰ ਭਾਰਤ ਦਾ ਰੱਖਿਆ ਬਜਟ 3 ਲੱਖ ਕਰੋੜ ਰੁਪਏ ਤੋਂ ਵੀ ਪਾਰ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸਾਲ 2019-20 ਦੇ ਬਜਟ 'ਚ ਇਸ ਲਈ 3 ਲੱਖ ਕਰੋੜ ਰੁਪਏ ਤੋਂ ਵੀ ਵੱਧ ਦੀ ਵਿਵਸਥਾ ਕੀਤੀ ਹੈ। ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਲੋਕ ਸਭਾ 'ਚ ਬਜਟ ਭਾਸ਼ਣ ਦੌਰਾਨ ਕਿਹਾ ਕਿ 2019-20 'ਚ ਸਾਡਾ ਰੱਖਿਆ ਬਜਟ ਪਹਿਲੀ ਵਾਰ 3,00,000 ਕਰੋੜ ਰੁਪਏ ਤੋਂ ਵੱਧ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਨ ਅਤੇ ਉੱਚ ਕੋਟੀ ਦੀ ਤਿਆਰੀ ਬਣਾਈ ਰੱਖਣ ਲਈ ਜੇਕਰ ਜ਼ਰੂਰੀ ਹੋਇਆ ਤਾਂ ਇਸ ਲਈ ਹੋਰ ਫੰਡ ਵਧੇਗਾ।
 

ਪਿਛਲੀ ਵਾਰ ਸਰਕਾਰ ਨੇ ਰੱਖਿਆ ਬਜਟ ਲਈ 2.95 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਇਸ ਦਾ ਬਜਟ 3 ਲੱਖ ਕਰੋੜ ਤੋਂ ਵੱਧ ਹੋਵੇਗਾ। 2017-18 'ਚ ਰੱਖਿਆ ਖੇਤਰ ਲਈ 2 ਲੱਖ 79 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਸੀ।
ਵਿੱਤ ਮੰਤਰੀ ਨੇ ਬਜਟ ਭਾਸ਼ਣ 'ਚ ਕਿਹਾ ਕਿ ਸਾਡੀ ਫੌਜ ਬਹੁਤ ਹੀ ਸਖਤ ਹਾਲਾਤ 'ਚ ਸਰਹੱਦਾਂ ਦੀ ਰੱਖਿਆ ਕਰਦੀ ਹੈ। ਸਾਡਾ ਮਾਣ ਅਤੇ ਸਨਮਾਨ ਸਾਡੇ ਫੌਜੀ ਹਨ। ਉਨ੍ਹਾਂ ਕਿਹਾ ਕਿ ਅਸੀਂ 'ਵਨ ਰੈਂਕ ਵਨ ਪੈਨਸ਼ਨ' ਨੂੰ ਲਾਗੂ ਕਰਨ ਦਾ ਵਚਨ ਦਿੱਤਾ ਸੀ। ਪਿਛਲੇ 40 ਸਾਲਾਂ ਤੋਂ ਰੁਕੇ ਇਸ ਕਾਰਜ ਨੂੰ ਹੁਣ ਸਾਡੀ ਸਰਕਾਰ ਨੇ ਪੂਰਾ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸਾਬਕਾ ਫੌਜੀਆਂ ਦੀ ਵਨ ਰੈਂਕ ਵਨ ਪੈਂਸ਼ਨ ਲਈ 2014-15 ਦੇ ਅੰਤਰਿਮ ਬਜਟ 'ਚ ਸਿਰਫ 500 ਕਰੋੜ ਰੁਪਏ ਮਨਜ਼ੂਰ ਕੀਤੇ ਸਨ, ਜਦਕਿ ਸਾਡੀ ਸਰਕਾਰ ਨੇ ਇਸ ਸਕੀਮ ਨੂੰ ਸਹੀ ਅਰਥ 'ਚ ਲਾਗੂ ਕਰਕੇ 35,000 ਕਰੋੜ ਤੋਂ ਵੱਧ ਦੀ ਰਾਸ਼ੀ ਵੰਡੀ ਹੈ।