5 ਲੱਖ ਤਕ ਦਾ ਇਲਾਜ ਹੋਵੇਗਾ ਮੁਫਤ, ਇਸ ਯੋਜਨਾ ਨੂੰ ਮਿਲੇ 6400 ਕਰੋੜ

02/02/2019 11:52:45 AM

ਨਵੀਂ ਦਿੱਲੀ— ਬਜਟ 2019 'ਚ ਮੋਦੀ ਸਰਕਾਰ ਨੇ ਆਯੂਸ਼ਮਾਨ ਭਾਰਤ ਯਾਨੀ 'ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ' ਲਈ ਫੰਡ ਵਧਾ ਕੇ 6,400 ਕਰੋੜ ਰੁਪਏ ਕਰ ਦਿੱਤਾ ਹੈ। ਹੁਣ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਕੀਮ ਦਾ ਫਾਇਦਾ ਮਿਲੇਗਾ।

ਇਸ ਯੋਜਨਾ ਦਾ ਮਕਸਦ ਹਰ ਗਰੀਬ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਕਵਰ ਉਪਲੱਬਧ ਕਰਾਉਣਾ ਹੈ। ਇਸ ਦੇ ਲਾਗੂ ਹੋਣ ਤੋਂ ਲੈ ਕੇ ਹੁਣ ਤਕ 10 ਲੱਖ ਤੋਂ ਵੀ ਵੱਧ ਲੋਕ ਮੁਫਤ ਇਲਾਜ ਸਹੂਲਤ ਦਾ ਫਾਇਦਾ ਉਠਾ ਚੁੱਕੇ ਹਨ ਅਤੇ 1 ਕਰੋੜ ਤੋਂ ਵੀ ਵੱਧ ਲੋਕਾਂ ਨੂੰ ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਪਿਛਲੇ ਸਾਲ 23 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਨੂੰ ਦੇਸ਼ ਭਰ 'ਚ ਲਾਗੂ ਕੀਤਾ ਸੀ। ਇਸ ਯੋਜਨਾ ਤਹਿਤ ਨਾ ਸਿਰਫ ਸਰਕਾਰੀ ਸਗੋਂ ਪ੍ਰਾਈਵੇਟ ਹਸਪਤਾਲਾਂ 'ਚ ਵੀ ਇਲਾਜ ਹੋ ਰਿਹਾ ਹੈ। 22 ਜਨਵਰੀ 2019 ਤਕ ਇਸ ਯੋਜਨਾ ਨਾਲ 13,800 ਤੋਂ ਵਧ ਹਸਪਤਾਲ ਜੁੜ ਚੁੱਕੇ ਹਨ।
 

ਕੀ ਹੈ ਇਹ ਸਕੀਮ?


ਸਰਕਾਰ ਨੇ ਸਾਲ 2018-19 ਦੇ ਬਜਟ 'ਚ ਇਸ ਸਕੀਮ ਦਾ ਐਲਾਨ ਕੀਤਾ ਸੀ।ਇਸ ਤਹਿਤ ਦੇਸ਼ ਦੇ 10 ਕਰੋੜ ਤੋਂ ਵੱਧ ਪਰਿਵਾਰਾਂ ਯਾਨੀ ਤਕਰਬੀਨ 50 ਕਰੋੜ ਲੋਕਾਂ ਨੂੰ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਕਰਵਾਉਣ ਦੀ ਵਿਵਸਥਾ ਕੀਤੀ ਗਈ ਸੀ। ਕੋਈ ਵੀ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ, ਇਸ ਲਈ ਸਕੀਮ 'ਚ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਅਤੇ ਉਮਰ 'ਤੇ ਕੋਈ ਵੀ ਲਿਮਟ ਨਹੀਂ ਲਗਾਈ ਗਈ ਹੈ।ਇਸ ਤਹਿਤ ਲਗਭਗ ਸਾਰੀਆਂ ਗੰਭੀਰ ਬੀਮਾਰੀਆਂ ਦਾ ਇਲਾਜ ਮੁਫਤ ਹੋ ਰਿਹਾ ਹੈ।ਇਸ ਸਕੀਮ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਜਨ ਅਰੋਗ (ਪੀ. ਐੱਮ. ਜੇ. ਏ. ਵਾਈ.) ਕੀਤਾ ਜਾ ਚੁੱਕਾ ਹੈ। ਇਸ ਨੂੰ ਅਯੂਸ਼ਮਾਨ ਭਾਰਤ ਤੇ ਮੋਦੀ ਕੇਅਰ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਤੁਸੀਂ ਇਸ ਯੋਜਨਾ ਦਾ ਫਾਇਦਾ ਲੈ ਸਕਦੇ ਹੋ ਜਾਂ ਨਹੀਂ ਇਸ ਲਈ ਤੁਸੀਂ ਸਰਕਾਰ ਵੱਲੋਂ ਦਿੱਤੇ ਹੈਲਪਲਾਈਨ ਨੰਬਰ 14555/1800-111-565 'ਤੇ ਪਤਾ ਕਰ ਸਕਦੇ ਹੋ।