ਬਜਟ 2019 : 10 ਕਰੋੜ ਲੋਕਾਂ ਨੂੰ ਵੱਡਾ ਤੋਹਫਾ, ਮਿਲੇਗੀ 3,000 ਰੁਪਏ ਪੈਨਸ਼ਨ

02/01/2019 5:22:23 PM

ਨਵੀਂ ਦਿੱਲੀ— ਸਰਕਾਰ ਨੇ ਗਰੀਬਾਂ ਨੂੰ ਸਹਾਰਾ ਦੇਣ ਲਈ ਵੱਡਾ ਇਤਿਹਾਸਕ ਫੈਸਲਾ ਕੀਤਾ ਹੈ। ਹੁਣ ਦੇਸ਼ 'ਚ ਰੇਹੜੀ, ਰਿਕਸ਼ਾ ਚਲਾਉਣ ਵਾਲੇ ਲੋਕਾਂ ਨੂੰ ਵੀ ਪੈਨਸ਼ਨ ਦੀ ਸਹੂਲਤ ਮਿਲੇਗੀ। ਸਰਕਾਰ ਦੇਸ਼ ਦੇ ਉਸ ਖੇਤਰ 'ਚ ਸਭ ਤੋਂ ਕਮਜ਼ੋਰ ਲੋਕਾਂ ਲਈ ਇਨਕਮ ਸਕਿਓਰਿਟੀ ਸਕੀਮ ਸ਼ੁਰੂ ਕਰਨ ਜਾ ਰਹੀ ਹੈ, ਜਿਨ੍ਹਾਂ ਦੀ ਕਮਾਈ ਦੀ ਕੋਈ ਗਰੰਟੀ ਨਹੀਂ ਹੁੰਦੀ ਹੈ ਅਤੇ ਬੁਢਾਪੇ 'ਚ ਉਨ੍ਹਾਂ ਨੂੰ ਲਾਚਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਹਿਤ 10 ਕਰੋੜ ਲੋਕਾਂ ਨੂੰ 60 ਸਾਲ ਦੀ ਉਮਰ 'ਚ ਇਕ ਘੱਟੋ-ਘੱਟ ਪੈਨਸ਼ਨ ਦੀ ਗਾਰੰਟੀ ਦਿੱਤੀ ਜਾਵੇਗੀ।

ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਅੰਤਰਿਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਉਨ੍ਹਾਂ ਵਰਕਰਾਂ ਜਾਂ ਮਜ਼ਦੂਰਾਂ ਲਈ 'ਪ੍ਰਧਾਨ ਮੰਤਰੀ ਸ਼੍ਰਮ ਮਾਨ-ਧਨ ਯੋਜਨਾ' ਸ਼ੁਰੂ ਕਰਨ ਦਾ ਪ੍ਰਸਤਾਵ ਕਰਦੀ ਹੈ, ਜਿਨ੍ਹਾਂ ਦੀ ਮਹੀਨਾਵਾਰ ਕਮਾਈ 15,000 ਜਾਂ ਉਸ ਤੋਂ ਘੱਟ ਹੈ। ਇਨ੍ਹਾਂ ਗਰੀਬ ਲੋਕਾਂ ਨੂੰ ਹਰ ਮਹੀਨੇ 3,000 ਰੁਪਏ ਦੀ ਪੈਨਸ਼ਨ ਮਿਲੇਗੀ।
29 ਸਾਲ ਦੀ ਉਮਰ 'ਚ ਇਸ ਪੈਨਸ਼ਨ ਯੋਜਨਾ ਨਾਲ ਜੁੜਨ ਵਾਲੇ ਲੋਕਾਂ ਨੂੰ ਸਿਰਫ 100 ਰੁਪਏ ਪ੍ਰਤੀ ਮਹੀਨਾ ਦਾ ਯੋਗਦਾਨ 60 ਸਾਲ ਦੀ ਉਮਰ ਤਕ ਕਰਨਾ ਹੋਵੇਗਾ। 60 ਸਾਲ ਦੀ ਉਮਰ ਤੋਂ ਉਨ੍ਹਾਂ ਨੂੰ ਹਰ ਮਹੀਨੇ 3,000 ਰੁਪਏ ਦੀ ਗਰੰਟੀ ਪੈਨਸ਼ਨ ਮਿਲੇਗੀ।

 


18 ਸਾਲ ਦੀ ਉਮਰ 'ਚ ਇਸ ਪੈਨਸ਼ਨ ਯੋਜਨਾ 'ਚ ਸ਼ਾਮਲ ਹੋਣ ਵਾਲੇ ਵਰਕਰ ਨੂੰ ਸਿਰਫ 55 ਰੁਪਏ ਪ੍ਰਤੀ ਮਹੀਨਾ ਦਾ ਯੋਗਦਾਨ ਕਰਨਾ ਹੋਵੇਗਾ। ਇੰਨੀ ਹੀ ਰਾਸ਼ੀ ਦਾ ਯੋਗਦਾਨ ਸਰਕਾਰ ਉਨ੍ਹਾਂ ਦੇ ਪੈਨਸ਼ਨ ਖਾਤੇ 'ਚ ਕਰੇਗੀ। ਇਸ ਯੋਜਨਾ ਦਾ ਫਾਇਦਾ ਰੇਹੜੀ ਵਾਲੇ, ਰਿਕਸ਼ਾ ਚਾਲਕ, ਨਿਰਮਾਣ ਕਾਰਜਾਂ 'ਚ ਲੱਗੇ ਮਜ਼ਦੂਰਾਂ, ਕੂੜਾ ਚੁੱਕਣ ਵਾਲੇ, ਬੀੜੀ ਬਣਾਉਣ ਵਾਲੇ, ਹੈਂਡਲੂਮ ਵਰਕਰ ਅਤੇ ਇਸ ਤਰ੍ਹਾਂ ਦੇ ਹੋਰ ਕਈ ਸਾਰੇ ਕੰਮ ਕਰਨ ਵਾਲੇ ਲੋਕਾਂ ਨੂੰ ਮਿਲੇਗਾ।