ਬਜਟ 2019 : ਫੌਜੀਆਂ ਲਈ ਸਰਕਾਰ ਨੇ ਖੋਲ੍ਹਿਆ ਖਜ਼ਾਨਾ, ਬੋਨਸ ਕੀਤਾ ਦੁੱਗਣਾ

02/01/2019 2:13:33 PM

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਆਪਣੇ ਅੰਤਰਿਮ ਬਜਟ ਵਿਚ ਕਿਸਾਨਾਂ, ਮੱਧ ਵਰਗ, ਨੌਕਰੀ ਪੇਸ਼ਾ ਅਤੇ ਫੌਜ ਦੇ ਜਵਾਨਾਂ ਲਈ ਆਪਣੀ ਖਜ਼ਾਨਾ ਖੋਲ੍ਹ ਦਿੱਤਾ ਹੈ। ਇਕ ਪਾਸੇ ਜਿਥੇ ਸਰਕਾਰ ਨੇ ਆਮ ਆਦਮੀ ਨੂੰ ਪੰਜ ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਤੋਂ ਛੋਟ ਦੇ ਦਿੱਤੀ ਹੈ ਉਥੇ ਫੌਜੀਆਂ ਨੂੰ ਮਿਲਣ ਵਾਲੀ ਬੋਨਸ ਰਾਸ਼ੀ ਨੂੰ ਵੀ ਦੁੱਗਣਾ ਕਰ ਦਿੱਤਾ ਹੈ। ਹੁਣ ਫੌਜੀਆਂ ਨੂੰ 3500 ਰੁਪਏ ਦੇ ਸਥਾਨ 'ਤੇ 7,000 ਰੁਪਏ ਬੋਨਸ ਦੇ ਰੂਪ ਵਿਚ ਮਿਲਣਗੇ। ਇਸ ਦੇ ਨਾਲ ਹੀ ਗ੍ਰੇਚੁਇਟੀ ਦੀ ਰਾਸ਼ੀ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ।

ਵਰਕਰਾਂ ਨੂੰ ਮਿਲੇਗੀ 3 ਹਜ਼ਾਰ ਰੁਪਏ ਪੈਨਸ਼ਨ

ਕੇਂਦਰ ਸਰਕਾਰ ਨੇ ਅਸੰਗਠਿਤ ਸੈਕਟਰ ਦੇ ਮਜ਼ਦੂਰਾਂ ਨੂੰ ਵੀ ਪੈਨਸ਼ਨ ਦਾ ਤੋਹਫਾ ਦਿੱਤਾ ਹੈ। ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਕਿਰਤ ਯੋਗੀ ਮਨਧਨ ਯੋਜਨਾ ਦਾ ਐਲਾਨ ਵੀ ਕੀਤਾ। ਇਸ ਯੋਜਨਾ ਦੇ ਤਹਿਤ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 3,000 ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਇਹ ਮਹੀਨਾਵਾਰ ਪੈਨਸ਼ਨ 100 ਰੁਪਏ ਪ੍ਰਤੀ ਮਹੀਨਾ ਦੇ ਯੋਗਦਾਨ 'ਤੇ ਦਿੱਤੀ ਜਾਵੇਗੀ।