ਬਜਟ 2018 : ਕਾਰਪੋਰੇਟ ਜਗਤ ਨੂੰ ਰਾਹਤ, ਘਟਿਆ ਟੈਕਸ

02/01/2018 12:46:59 PM

ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਵਾਰ ਬਜਟ 'ਚ ਕਾਰਪੋਰੇਟ ਜਗਤ ਲਈ ਰਾਹਤ ਪੇਸ਼ ਕੀਤੀ ਹੈ। 1 ਫਰਵਰੀ 2018 ਨੂੰ ਪੇਸ਼ ਹੋਏ ਆਮ ਬਜਟ 'ਚ ਵਿੱਤ ਮੰਤਰੀ ਨੇ ਕਾਰਪੋਰੇਟ ਟੈਕਸ ਨੂੰ 30 ਫੀਸਦੀ ਤੋਂ ਘਟਾ 25 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਇਹ ਦਰ ਸਿਰਫ 50 ਕਰੋੜ ਤਕ ਦੇ ਕਾਰੋਬਾਰ ਵਾਲੀਆਂ ਕੰਪਨੀਆਂ 'ਤੇ ਲਾਗੂ ਸੀ ਪਰ ਹੁਣ ਇਹ ਰਾਹਤ 250 ਕਰੋੜ ਤਕ ਦੇ ਕਾਰੋਬਾਰ ਵਾਲੀਆਂ ਨੂੰ ਵੀ ਮਿਲੇਗੀ। ਸਰਕਾਰ ਵੱਲੋਂ ਕਾਰਪੋਰੇਟ ਟੈਕਸ 'ਚ ਕਟੌਤੀ ਕਰਨ ਨਾਲ ਰੁਜ਼ਗਾਰ ਦੇ ਮੌਕੇ ਵਧਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਗਲੋਬਲ ਪੱਧਰ 'ਤੇ ਮੁਕਾਬਲੇਬਾਜ਼ੀ ਆਸਾਨ ਹੋਵੇਗੀ। ਹਾਲਾਂਕਿ ਇਸ ਕਟੌਤੀ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਸਰਕਾਰ ਪਹਿਲਾਂ ਹੀ ਮਾਲੀ ਘਾਟੇ ਦਾ ਸਾਹਮਣਾ ਕਰ ਰਹੀ ਹੈ।

ਵਿੱਤ ਮੰਤਰੀ ਅਰੁਣ ਜੇਟਲੀ ਨੇ ਬਜਟ-2017 'ਚ 50 ਕਰੋੜ ਤੋਂ ਘੱਟ ਆਮਦਨ ਵਾਲੇ ਐੱਮ. ਐੱਸ. ਐੱਮ. ਈ. (ਮਾਈਕਰੋ ਸਮਾਲ ਅਤੇ ਮਿਡਲ ਇੰਟਰਪ੍ਰਾਈਜਿਜ਼) ਲਈ ਕਾਰਪੋਰੇਟ ਟੈਕਸ ਦੀ ਦਰ 25 ਫੀਸਦੀ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਕਦਮ ਨਾਲ 96 ਫੀਸਦੀ ਐੱਮ. ਐੱਸ. ਐੱਮ. ਈ. ਨੂੰ ਫਾਇਦਾ ਹੋਵੇਗਾ।