ਇਸ ਵਿੱਤ ਮੰਤਰੀ ਦੇ ਨਾਮ ਹੈ ''ਬਜਟ'' ਪੇਸ਼ ਕਰਨ ਦਾ ਰਿਕਾਰਡ

01/24/2018 1:14:47 PM

ਨਵੀਂ ਦਿੱਲੀ— 1 ਫਰਵਰੀ 2018 ਨੂੰ ਵਿੱਤ ਮੰਤਰੀ ਅਰੁਣ ਜੇਤਲੀ ਆਮ ਬਜਟ ਪੇਸ਼ ਕਰਨ ਵਾਲੇ ਹਨ। ਆਮ ਬਜਟ 'ਚ ਸਰਕਾਰ ਸਾਲ ਭਰ ਦੇ ਖਰਚ ਅਤੇ ਆਮਦਨੀ ਦਾ ਲੇਖਾ-ਜੋਖਾ ਸੰਸਦ ਜ਼ਰੀਏ ਆਮ ਜਨਤਾ ਸਾਹਮਣੇ ਰੱਖਦੀ ਹੈ। ਆਜ਼ਾਦੀ ਦੇ ਬਾਅਦ ਤੋਂ ਆਮ ਬਜਟ ਪੇਸ਼ ਕੀਤਾ ਜਾਂਦਾ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜੇ ਮੰਤਰੀ ਦੇ ਨਾਮ ਹੁਣ ਤਕ ਸਭ ਤੋਂ ਜ਼ਿਆਦਾ ਵਾਰ ਆਮ ਬਜਟ ਪੇਸ਼ ਕਰਨ ਦਾ ਰਿਕਾਰਡ ਹੈ? ਇਹ ਵਿੱਤ ਮੰਤਰੀ ਸਨ ਮੋਰਾਰਜੀ ਦੇਸਾਈ।
ਇਕ ਵਿੱਤ ਮੰਤਰੀ ਦੇ ਤੌਰ 'ਤੇ ਮੋਰਾਰਜੀ ਦੇਸਾਈ ਨੇ 10 ਵਾਰ ਆਮ ਬਜਟ ਪੇਸ਼ ਕੀਤਾ ਸੀ। ਇਨ੍ਹਾਂ 'ਚੋਂ 8 ਪੂਰਣ ਬਜਟ ਸਨ ਅਤੇ 2 ਅੰਤਰਿਮ। ਵਿੱਤ ਮੰਤਰੀ ਦੇ ਤੌਰ 'ਤੇ ਮੋਰਾਰਜੀ ਦੇਸਾਈ ਨੇ ਪਹਿਲੇ ਟਰਮ 'ਚ ਪੰਜ ਪੂਰਣ ਬਜਟ 1959-60 ਤੋਂ 1963-64 ਅਤੇ ਇਕ ਅੰਤਰਿਮ ਬਜਟ 1962-63 ਪੇਸ਼ ਕੀਤਾ ਸੀ। ਵਿੱਤ ਮੰਤਰੀ ਦੀ ਆਪਣੀ ਦੂਜੀ ਪਾਰੀ 'ਚ ਉਨ੍ਹਾਂ ਨੇ 1967-68 ਤੋਂ 1969-70 ਦੇ ਪੂਰਣ ਬਜਟ ਅਤੇ ਇਕ ਅੰਤਰਿਮ ਬਜਟ 1967-68 ਪੇਸ਼ ਕੀਤਾ ਸੀ। 
ਮੋਰਾਰਜੀ ਦੇਸਾਈ ਦੇ ਬਾਅਦ ਪ੍ਰਣਬ ਮੁਖਰਜੀ, ਪੀ ਚਿਦਾਂਬਰਮ, ਯਸ਼ਵੰਤ ਸਿਨਹਾ, ਵਾਈ. ਬੀ. ਚੌਹਾਨ ਅਤੇ ਸੀ. ਡੀ. ਦੇਸ਼ਮੁਖ ਦਾ ਸਥਾਨ ਆਉਂਦਾ ਹੈ। ਇਨ੍ਹਾਂ ਸਭ ਨੇ ਸੱਤ-ਸੱਤ ਵਾਰ ਬਜਟ ਪੇਸ਼ ਕੀਤਾ। ਮਨਮੋਹਨ ਸਿੰਘ ਅਤੇ ਟੀ. ਟੀ. ਕ੍ਰਿਸ਼ਣਮਚਾਰੀ ਨੇ 6-6 ਵਾਰ ਬਜਟ ਪੇਸ਼ ਕੀਤਾ। ਆਰ. ਵੈਂਕਟਰਮਨ ਅਤੇ ਐੱਚ. ਐੱਮ. ਪਟੇਲ ਨੇ 3-3 ਵਾਰ ਬਜਟ ਪੇਸ਼ ਕੀਤੇ। ਸਭ ਤੋਂ ਘੱਟ ਵਾਰ ਬਜਟ ਪੇਸ਼ ਕਰਨ ਵਾਲੇ ਵਿੱਤ ਮੰਤਰੀਆਂ 'ਚ ਜਸਵੰਤ ਸਿੰਘ, ਵੀ. ਪੀ. ਸਿੰਘ, ਸੀ. ਸੁਬਰਾਮਣੀਅਮ, ਜਾਨ ਮਥਾਈ ਅਤੇ ਆਰ. ਕੇ. ਸ਼ਨਮੁਖਮ ਨੇ ਦੋ-ਦੋ ਵਾਰ ਬਜਟ ਪੇਸ਼ ਕੀਤਾ।