ਬਜਟ 2018 : ਸਰਕਾਰ ਮਿਡਲ ਕਲਾਸ ਨੂੰ ਦੇ ਸਕਦੀ ਹੈ ਵੱਡੀ ਰਾਹਤ

01/24/2018 9:41:23 AM

ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਮਿਡਲ ਕਲਾਸ (ਮੱਧ ਵਰਗ) ਨੂੰ ਇਸ ਵਾਰ ਬਜਟ 'ਚ ਵੱਡੀ ਰਾਹਤ ਦੇ ਸਕਦੇ ਹਨ। 2018-19 ਦੇ ਬਜਟ 'ਚ ਸਰਕਾਰ 80ਸੀ ਲਿਮਟ 'ਚ ਵਾਧਾ ਕਰ ਸਕਦੀ ਹੈ। ਇਸ ਤਹਿਤ ਸਰਕਾਰ 1.5 ਲੱਖ ਰੁਪਏ ਦੀ ਟੈਕਸ ਛੋਟ ਲਿਮਟ 'ਚ 30 ਹਜ਼ਾਰ ਰੁਪਏ ਦਾ ਵਾਧਾ ਕਰਨ ਦੀ ਤਿਆਰੀ 'ਚ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਟੈਕਸ ਦਾਤਾ ਬਚਤ ਵਧਾ ਕੇ ਆਮਦਨ ਟੈਕਸ 'ਤੇ ਜ਼ਿਆਦਾ ਛੋਟ ਹਾਸਲ ਕਰ ਸਕਣਗੇ। ਇਸ ਸੰਬੰਧ 'ਚ ਸਰਕਾਰ ਨੂੰ ਇੰਡਸਟਰੀ ਬਾਡੀ ਤੋਂ ਲੈ ਕੇ ਇਕਨਾਮਿਸਟ ਨੇ ਵੀ ਸਲਾਹ ਦਿੱਤੀ ਹੈ ਕਿ 80ਸੀ ਦੀ ਲਿਮਟ ਨੂੰ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ, ਰਹਿਣ-ਸਹਿਣ ਦਾ ਖਰਚ ਵਧਣ ਕਾਰਨ 1.5 ਲੱਖ ਦੀ ਲਿਮਟ ਨੂੰ 2 ਲੱਖ ਰੁਪਏ ਕੀਤਾ ਜਾਣਾ ਚਾਹੀਦਾ ਹੈ।

ਸੂਤਰਾਂ ਮੁਤਾਬਕ, 2019 'ਚ ਚੋਣਾਂ ਨੂੰ ਦੇਖਦੇ ਹੋਏ ਮੋਦੀ ਸਰਕਾਰ ਕੋਲ ਆਖਰੀ ਮੌਕਾ ਹੈ ਜਦੋਂ ਉਹ ਮਿਡਲ ਕਲਾਸ ਨੂੰ ਵੱਡੀ ਰਾਹਤ ਦੇ ਸਕੇਗੀ। ਅਜਿਹੇ 'ਚ ਸਰਕਾਰ ਦੇ ਲੇਵਲ 'ਤੇ ਇਸ ਗੱਲ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ ਕਿ 80ਸੀ ਲਿਮਟ ਨੂੰ ਵਧਾਇਆ ਜਾਵੇ। ਇਸ 'ਚ ਸਰਕਾਰ ਦੇ ਲੇਵਲ 'ਤੇ ਇਹ ਸੋਚ ਹੈ ਕਿ ਟੈਕਸ ਬਚਤ ਲਿਮਟ ਵਧਣ ਨਾਲ ਜਿੱਥੇ ਮਿਡਲ ਕਲਾਸ ਨੂੰ ਰਾਹਤ ਮਿਲੇਗੀ, ਉੱਥੇ ਹੀ ਵਿੱਤੀ ਸਾਧਨ 'ਚ ਨਿਵੇਸ਼ ਵੀ ਵਧੇਗਾ। ਅਜਿਹੇ 'ਚ 1.5 ਲੱਖ ਰੁਪਏ ਦੀ ਲਿਮਟ ਨੂੰ ਵਧਾ ਕੇ 1.8 ਲੱਖ ਕੀਤਾ ਜਾ ਸਕਦਾ ਹੈ। ਹਾਲਾਂਕਿ ਸਰਕਾਰ ਨੂੰ ਸਾਰੇ ਸਟਾਕ ਹੋਲਡਰਾਂ ਕੋਲੋਂ ਲਿਮਟ ਨੂੰ 2 ਲੱਖ ਰੁਪਏ ਤਕ ਕਰਨ ਦਾ ਪ੍ਰਸਤਾਵ ਮਿਲਿਆ ਹੈ।

80ਸੀ ਲਿਮਟ ਵਧਣ ਨਾਲ ਕਿਵੇਂ ਮਿਲੇਗਾ ਫਾਇਦਾ
ਅਜੇ 2.5 ਲੱਖ ਰੁਪਏ ਤਕ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਇਨਕਮ ਟੈਕਸ ਨਹੀਂ ਦੇਣਾ ਪੈਂਦਾ ਹੈ। ਜਦੋਂ ਕਿ ਉਸ ਤੋਂ ਜ਼ਿਆਦਾ ਆਮਦਨ ਵਾਲਿਆਂ ਨੂੰ 5 ਫੀਸਦੀ, 20 ਫੀਸਦੀ ਅਤੇ 30 ਫੀਸਦੀ ਇਨਕਮ ਟੈਕਸ ਦੇਣਾ ਪੈਂਦਾ ਹੈ। ਅਜੇ ਸਰਕਾਰ 80ਸੀ ਲਿਮਟ ਤਹਿਤ 1.5 ਲੱਖ ਰੁਪਏ ਤਕ ਬਚਤ 'ਤੇ ਵਾਧੂ ਟੈਕਸ ਛੋਟ ਦਾ ਫਾਇਦਾ ਦਿੰਦੀ ਹੈ, ਯਾਨੀ ਟੈਕਸ ਦਾਤਾ ਬੀਮਾ, ਪੀ. ਪੀ. ਐੱਫ., ਈ. ਪੀ. ਐੱਫ. ਟਿਊਸ਼ਨ ਫੀਸ, ਹੋਮ ਲੋਨ 'ਚ ਪ੍ਰਿੰਸੀਪਲ ਪਾਰਟ, ਐੱਨ. ਪੀ. ਐੱਸ., ਸੁਕੰਨਿਆ ਸਮਰਿਧੀ ਸਕੀਮ ਵਰਗੀਆਂ ਯੋਜਨਾਵਾਂ 'ਚ 1.5 ਲੱਖ ਰੁਪਏ ਤਕ ਨਿਵੇਸ਼ ਕਰਕੇ ਟੈਕਸ ਛੋਟ ਲੈ ਸਕਦੇ ਹਨ। ਯਾਨੀ ਅਜੇ ਟੈਕਸ ਦਾਤਾ 2.5 ਲੱਖ ਦੇ ਬਾਅਦ 1.5 ਲੱਖ ਰੁਪਏ ਹੋਰ ਨਿਵੇਸ਼ ਕਰਕੇ ਟੈਕਸ ਬਚਾ ਸਕਦੇ ਹਨ। ਸਰਕਾਰ ਨੇ ਇਸ 'ਚ 30 ਹਜ਼ਾਰ ਰੁਪਏ ਦਾ ਵਾਧਾ ਕੀਤਾ ਤਾਂ 1.80 ਲੱਖ ਦੇ ਨਿਵੇਸ਼ 'ਤੇ ਛੋਟ ਮਿਲੇਗੀ।