BSNL ਨੇ ਲਾਂਚ ਕੀਤੀ 4ਜੀ ਸਰਵਿਸ, ਇਸ ਸ਼ਹਿਰ ’ਚ ਲਗਾਏ 350 4ਜੀ ਟਾਵਰ

07/31/2019 6:12:16 PM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਆਪਣੀ 4ਜੀ ਸੇਵਾ ਦੇ ਵਿਸਤਾਰ ਦਾ ਐਲਾਨ ਕੀਤਾ ਹੈ, ਹਾਲਾਂਕਿ ਕੰਪਨੀ ਦੀ 4ਜੀ ਸੇਵਾ ਬਹੁਤ ਪਹਿਲਾਂ ਤੋਂ ਕੇਰਲ ਅਤੇ ਕਰਨਾਟਕ ਦੇ ਕੁਝ ਇਲਾਕਿਆਂ ’ਚ ਚੱਲ ਰਹੀ ਹੈ ਪਰ ਹੁਣ ਕੰਪਨੀ ਨੇ ਆਂਧਰ-ਪ੍ਰਦੇਸ਼ ’ਚ ਵੀ 4ਜੀ ਦੀ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ’ਚ ਹੁਣ ਆਂਧਰ-ਪ੍ਰਦੇਸ਼ ਦੇ ਯੂਜ਼ਰਜ਼ ਵੀ ਬੀ.ਐੱਸ.ਐੱਨ.ਐੱਲ. ਦੀ ਹਾਈ-ਸਪੀਡ 4ਜੀ ਸੇਵਾ ਦਾ ਮਜ਼ਾ ਲੈ ਸਕਣਗੇ। 

 

ਆਂਧਰ-ਪ੍ਰਦੇਸ਼ ’ਚ ਲਗਾਏ 350 4ਜੀ ਟਾਵਰ
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਬੀ.ਐੱਸ.ਐੱਨ.ਐੱਲ. ਦੇ ਆਂਧਰ-ਪ੍ਰਦੇਸ਼ ਸੈਕਟਰ ਦੇ ਚੀਫ ਜਨਰਲ ਮੈਨੇਜਰ ਏ.ਪੀ. ਰਾਵ ਨੇ ਬੁੱਧਵਾਰ ਨੂੰ 4ਜੀ ਨੈੱਟਵਰਕ ਦੀ ਲਾਂਚਿੰਗ ਕੀਤੀ ਹੈ। ਲਾਂਚਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਨ.ਐੱਲ. ਦੇ ਗਾਹਕਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਸਾਲ ਜੁਲਾਈ ’ਚ ਕੰਪਨੀ ਨੇ 3.33 ਲੱਖ ਨਵੇਂ ਗਾਹਕ ਜੋੜੇ ਹਨ। 

ਉਥੇ ਹੀ ਕੰਪਨੀ ਦੇ ਗਾਹਕ ਰੋਜ਼ਾਨਾ 122.6TB ਤਕ ਡਾਟਾ ਦਾ ਇਸਤੇਮਾਲ ਕਰ ਰਹੇ ਹਨ। ਉਥੇ ਹੀ ਕੰਪਨੀ ਇਸ ਸਾਲ ਮੋਬਾਇਲ ਸੇਵਾ ਦੇ ਵਿਸਤਾਰ ਲਈ 200 ਕਰੋੜ ਰੁਪਏ ਖਰਚ ਕਰਨ ਵਾਲੀ ਹੈ। ਏ.ਪੀ. ਰਾਵ ਨੇ ਅੱਗੇ ਕਿਹਾ ਕਿ ਕੰਪਨੀ ਨੇ ਆਂਧਰ-ਪ੍ਰਦੇਸ਼ ’ਚ 4ਜੀ ਲਈ 350 ਨਵੇਂ ਟਾਵਰ ਲਗਾਏ ਹਨ, ਉਥੇ ਹੀ ਜਲਦੀ ਹੀ 150 ਨਵੇਂ ਟਾਵਰ ਹੋਰ ਲਗਾਉਣ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਸਾਲ 2019 ’ਚ ਜੁਲਾਈ 29 ਤਕ ਕੰਪਨੀ ਨੇ ਕੁਲ 17,171 ਬ੍ਰਾਡਬੈਂਡ ਕੁਨੈਕਸ਼ਨ ਦਿੱਤੇ ਹਨ।