ਦੀਵਾਲੀ ਤੋਂ ਪਹਿਲਾਂ ਮਿਲੇਗੀ BSNL ਦੇ ਕਰਮਚਾਰੀਆਂ ਨੂੰ ਪਿਛਲੇ ਮਹੀਨੇ ਦੀ ਸੈਲਰੀ

10/15/2019 2:38:55 PM

ਨਵੀਂ ਦਿੱਲੀ — ਬੀ.ਐਸ.ਐਨ.ਐਲ. (ਭਾਰਤ ਸੰਚਾਰ ਨਿਗਮ ਲਿਮਟਿਡ) ਦੇ ਕਰਮਚਾਰੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਤੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ ਹੈ। ਕਰਮਚਾਰੀ ਯੂਨੀਅਨ ਨੇ ਸ਼ੁੱਕਰਵਾਰ ਨੂੰ ਇਕ ਦਿਨ ਦੀ ਭੁੱਖ ਹੜਤਾਲ ਦੀ ਧਮਕੀ ਦਿੱਤੀ। ਹੁਣ BSNL ਨੇ ਕਿਹਾ ਹੈ ਕਿ ਉਸਨੂੰ ਪੂਰੀ ਉਮੀਦ ਹੈ ਕਿ ਕੰਪਨੀ ਦੇ 1.76 ਲੱਖ ਕਰਮਚਾਰੀਆਂ ਨੂੰ ਸਤੰਬਰ ਦੀ ਸੈਲਰੀ ਦੀਵਾਲੀ ਤੋਂ ਪਹਿਲਾਂ ਮਿਲ ਜਾਵੇਗੀ। BSNL ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਪੀ. ਕੇ. ਪੁਰਵਰ ਨੇ ਦੱਸਿਆ ਕਿ ਅਸੀਂ ਦੀਵਾਲੀ ਤੋਂ ਪਹਿਲਾਂ ਆਪਣੇ ਸਰੋਤਾਂ ਰਾਹੀਂ ਕਰਮਚਾਰੀਆਂ ਨੂੰ ਤਨਖਾਹਾਂ ਦੇਵਾਂਗੇ। ਅਸੀਂ ਸੇਵਾਵਾਂ ਜ਼ਰੀਏ ਇਕ ਮਹੀਨੇ ਵਿਚ 1,600 ਕਰੋੜ ਰੁਪਏ ਦੀ ਕਮਾਈ ਕਰਦੇ ਹਾਂ।

ਜ਼ਿਕਰਯੋਗ ਹੈ ਕਿ BSNL ਦਾ ਸੈਲਰੀ 'ਤੇ ਹੋਣ ਵਾਲਾ ਖਰਚਾ 850 ਕਰੋੜ ਰੁਪਏ ਦੇ ਕਰੀਬ ਬੈਠਦਾ ਹੈ। ਸੂਤਰਾਂ ਨੇ ਦੱਸਿਆ ਕਿ ਭਾਵੇਂ ਕੰਪਨੀ ਪ੍ਰਤੀ ਮਹੀਨੇ 1,600 ਕਰੋੜ ਰੁਪਇਆ ਕਮਾਉਂਦੀ ਹੈ ਪਰ ਤਨਖਾਹਾਂ ਦਾ ਭੁਗਤਾਨ ਕਰਨ ਲਈ ਇਹ ਰਾਸ਼ੀ ਲੋੜੀਂਦੀ ਨਹੀਂ ਹੈ ਕਿਉਂਕਿ ਕਮਾਈ ਦਾ ਵੱਡਾ ਹਿੱਸਾ ਖਰਚਿਆਂ ਆਦਿ 'ਚ ਨਿਕਲ ਜਾਂਦਾ ਹੈ। ਸੂਤਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ BSNL ਬੈਂਕਾਂ ਤੋਂ ਸਰਕਾਰੀ ਗਾਰੰਟੀ ਦੇ ਜ਼ਰੀਏ ਫੰਡ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ(BSNL) ਨੂੰ ਵਿੱਤੀ ਸਾਲ 2019 'ਚ 13,804 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਪੁਰਵਰ ਨੇ ਕਿਹਾ ਕਿ 4ਜੀ ਸਪੈਕਟ੍ਰਮ ਦਾ ਮਿਲਣਾ ਅਤੇ ਵੋਲੰਟਰੀ ਰਿਟਾਇਰਮੈਂਟ ਸਕੀਮ(VRS) ਦੀ ਸਹਾਇਤਾ ਨਾਲ ਕਰਮਚਾਰੀਆਂ ਦੀ ਸੰਖਿਆ 'ਚ ਕਮੀ ਨਾਲ ਥੋੜੀਆਂ ਆਰਥਿਕ ਚਿੰਤਾਵਾਂ ਘੱਟ ਹੋਣਗੀਆਂ, ਪਰ ਅਜੇ ਇਹ ਸਕੀਮ ਸਰਕਾਰ ਦੀ ਤਰਜੀਹੀ ਸੂਚੀ 'ਚ ਹੈ ਅਤੇ ਇਸ ਦੇ ਲਾਗੂ ਹੋਣ 'ਚ ਸਮਾਂ ਲੱਗ ਸਕਦਾ ਹੈ। ਵਿੱਤ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫਤਰ BSNL ਅਤੇ MTNL ਦੀ ਪੁਨਰ-ਸੁਰਜੀਤੀ ਲਈ 50,000 ਕਰੋੜ ਰੁਪਏ ਦੀ ਪੂੰਜੀ ਲਗਾਉਣ ਦੇ ਪੱਖ 'ਚ ਹੈ।


Related News