BS VI ਪੈਟਰੋਲ, ਡੀਜ਼ਲ ਹੋਰ ਢਿੱਲੀ ਕਰੇਗਾ ਜੇਬ, ਸਰਕਾਰ ਲਾ ਸਕਦੀ ਹੈ ਵਿਸ਼ੇਸ਼ ਸੈੱਸ

07/17/2019 10:21:22 AM

ਮੁੰਬਈ— ਪੈਟਰੋਲ ਤੇ ਡੀਜ਼ਲ ਤੁਹਾਡੀ ਜੇਬ ਹੋਰ ਢਿੱਲੀ ਕਰਨ ਵਾਲਾ ਹੈ। ਸਾਲ 2020 'ਚ ਅਪ੍ਰੈਲ ਤੋਂ ਪੈਟਰੋਲ ਤੇ ਡੀਜ਼ਲ ਲਈ ਤੁਹਾਨੂੰ ਵੱਧ ਕੀਮਤ ਚੁਕਾਉਣੀ ਪੈ ਸਕਦੀ ਹੈ ਕਿਉਂਕਿ ਈਂਧਣ ਵਿਕਰੇਤਾ ਭਾਰਤ ਸਟੇਜ-6 (ਬੀ. ਐੱਸ.-6) ਈਂਧਣ ਬਣਾਉਣ ਦੀ ਲਾਗਤ ਦਾ ਭਾਰ ਗਾਹਕਾਂ 'ਤੇ ਪਾਉਣਾ ਚਾਹੁੰਦੇ ਹਨ। ਇਸ ਦਾ ਕਾਰਨ ਹੈ ਕਿ ਫਰਮਾਂ ਨੇ ਬੀ. ਐੱਸ.-6 'ਚ ਜਾਣ ਲਈ ਵੱਡਾ ਨਿਵੇਸ਼ ਕੀਤਾ ਹੈ।

 

 

ਜਾਣਕਾਰੀ ਮੁਤਾਬਕ, ਪੈਟਰੋਲ-ਡੀਜ਼ਲ ਕੀਮਤਾਂ 'ਚ ਕੁਝ ਪੈਸੇ ਤੋਂ ਲੈ ਕੇ 2 ਰੁਪਏ ਵਿਚਕਾਰ ਦਾ ਕੋਈ ਵੀ ਵਾਧਾ ਕੀਤਾ ਜਾ ਸਕਦਾ ਹੈ, ਜੋ ਇਕ ਵਿਸ਼ੇਸ਼ ਸੈੱਸ ਜਾਂ ਡਿਊਟੀ ਦੇ ਰੂਪ 'ਚ ਵਸੂਲ ਕੀਤੇ ਜਾਣ ਦੀ ਸੰਭਾਵਨਾ ਹੈ।
ਜੂਨ 2014 'ਚ ਬਣੀ 'ਆਟੋ ਫਿਊਲ ਵਿਜ਼ਨ ਪਾਲਿਸੀ 2025' 'ਚ ਸਵੱਛ ਈਂਧਣ ਦੇ ਉਤਪਾਦਨ ਲਈ ਹੋਣ ਵਾਲੇ ਅੰਦਾਜ਼ਨ ਨਿਵੇਸ਼ ਦੇ ਮੱਦੇਨਜ਼ਰ 75 ਪੈਸੇ ਸੈੱਸ ਲਾਉਣ ਦੀ ਸਿਫਾਰਸ਼ ਕੀਤੀ ਗਈ ਸੀ, ਤਾਂ ਕਿ ਫਰਮਾਂ ਖਰਚ ਦੀ ਭਰਪਾਈ ਕਰ ਸਕਣ। ਉੱਥੇ ਹੀ, ਤੇਲ ਫਰਮਾਂ ਦੀ ਮੰਗ 'ਤੇ ਵਿਸ਼ੇਸ਼ ਸੈੱਸ ਜਾਂ ਡਿਊਟੀ ਲਾਉਣ ਨਾਲ ਪੈਟਰੋਲ-ਡੀਜ਼ਲ ਮਹਿੰਗਾ ਹੋ ਜਾਵੇਗਾ ਕਿਉਂਕਿ ਰਾਜਾਂ 'ਚ ਇਨ੍ਹਾਂ 'ਤੇ ਵੈੱਟ ਵੀ ਲੱਗਦਾ ਹੈ। ਫਰਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀ. ਐੱਸ.-6 ਲਈ ਭਾਰੀ ਨਿਵੇਸ਼ ਕੀਤਾ ਹੈ, ਜਿਸ ਦੀ ਭਰਪਾਈ ਦੀ ਜ਼ਰੂਰਤ ਹੈ। ਇਸ ਦਾ ਮਕਸਦ ਲਾਗਤ ਵਸੂਲ ਕਰਨਾ ਹੈ ਨਾ ਕਿ ਮੁਨਾਫਾ ਕਮਾਉਣਾ। ਇਕ ਅਨੁਮਾਨ ਮੁਤਾਬਕ, ਰਿਫਾਇਨਰਾਂ ਨੇ ਬੀ. ਐੱਸ.-6 ਮੁਤਾਬਕ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ 30,000 ਕਰੋੜ ਰੁਪਏ ਤੋਂ ਵੱਧ ਰਕਮ ਖਰਚ ਕੀਤੀ ਹੈ। ਬੀ. ਐੱਸ.-6 ਪੈਟਰੋਲ ਅਤੇ ਡੀਜ਼ਲ 'ਤੇ ਵਿਸ਼ੇਸ਼ ਸੈੱਸ ਜਾਂ ਡਿਊਟੀ ਲਾਉਣ ਦਾ ਅੰਤਿਮ ਫੈਸਲਾ ਸਰਕਾਰ ਹੱਥ ਹੋਵੇਗਾ।

 

1 ਲੱਖ ਰੁਪਏ ਮਹਿੰਗੀ ਹੋਵੇਗੀ ਡੀਜ਼ਲ ਗੱਡੀ-
ਮਹਿੰਦਰਾ ਕੰਪਨੀ ਦਾ ਕਹਿਣਾ ਹੈ ਕਿ ਬੀ. ਐੱਸ.-6 ਪੈਟਰੋਲ ਕਾਰਾਂ ਦੀ ਕੀਮਤ 25,000 ਤੋਂ 50,000 ਰੁਪਏ ਤਕ ਵਧ ਸਕਦੀ ਹੈ। ਡੀਜ਼ਲ ਕਾਰਾਂ ਦੀ ਕੀਮਤ 1 ਲੱਖ ਰੁਪਏ ਤਕ ਵਧਣ ਦੀ ਸੰਭਾਵਨਾ ਹੈ।


ਉੱਥੇ ਹੀ, ਬੀ. ਐੱਸ.-6 ਨਾਲ ਕੀਮਤਾਂ ਵਧਣ ਦੇ ਮੱਦੇਨਜ਼ਰ ਕੁਝ ਨਿਰਮਾਤਾਵਾਂ ਨੇ ਡੀਜ਼ਲ ਕਾਰਾਂ ਜਾਂ ਜਿਨ੍ਹਾਂ ਦੀ ਵਿਕਰੀ ਘੱਟ ਹੈ ਉਨ੍ਹਾਂ ਦਾ ਨਿਰਮਾਣ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਵੱਡਾ ਕਾਰਨ ਇਹੀ ਹੈ ਕਿ ਕੀਮਤਾਂ 'ਚ ਭਾਰੀ ਵਾਧਾ ਹੋਣ ਨਾਲ ਛੋਟੇ ਮਾਡਲ ਜਾਂ ਜਿਨ੍ਹਾਂ ਕਾਰਾਂ ਦੀ ਖਰੀਦਦਾਰੀ ਘੱਟ ਹੋ ਰਹੀ ਹੈ ਉਨ੍ਹਾਂ ਦੀ ਮੰਗ 'ਚ ਭਾਰੀ ਗਿਰਾਵਟ ਹੋ ਸਕਦੀ ਹੈ।