BS6 ਡੀਜ਼ਲ ਗੱਡੀ ਦੇ ਸ਼ੌਕੀਨਾਂ ਲਈ ਵੱਡੀ ਰਾਹਤ, ਕੀਮਤਾਂ 'ਤੇ ਮਿਲੀ ਗੁੱਡ ਨਿਊਜ਼

01/13/2020 11:25:29 AM

ਮੁੰਬਈ— ਨਵੀਂ ਬੀ. ਐੱਸ.-6 ਡੀਜ਼ਲ ਕਾਰ ਖਰੀਦਣ ਦਾ ਮਨ ਹੈ ਤਾਂ ਕੀਮਤਾਂ ਦੇ ਮਾਮਲੇ 'ਚ ਵੱਡੀ ਰਾਹਤ ਮਿਲਦੀ ਦਿਸ ਰਹੀ ਹੈ। ਫਿਲਹਾਲ ਬੀ. ਐੱਸ.-6 ਡੀਜ਼ਲ ਮਾਡਲਾਂ ਦੀ ਕੀਮਤ 'ਚ ਬਾਜ਼ਾਰ ਉਮੀਦਾਂ ਤੋਂ ਘੱਟ ਹੀ ਵਾਧਾ ਹੋ ਰਿਹਾ ਹੈ। ਟੋਇਟਾ ਨੇ ਡੀਜ਼ਲ ਮਾਡਲ ਦੀਆਂ ਕੀਮਤਾਂ 'ਚ 39,000 ਰੁਪਏ ਤੋਂ ਲੈ ਕੇ 1,12,000 ਰੁਪਏ ਤੱਕ ਦਾ ਵਾਧਾ ਕੀਤਾ ਹੈ, ਜਦੋਂ ਕਿ ਇੰਡਸਟਰੀ ਦਿੱਗਜਾਂ ਵੱਲੋਂ ਬੀ. ਐੱਸ.-6 'ਚ ਸ਼ਿਫਟ ਹੋਣ ਕਾਰਨ ਕੀਮਤਾਂ 'ਚ 2.50 ਲੱਖ ਰੁਪਏ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ।

 

ਇਸ ਕਦਮ ਨਾਲ ਟਾਟਾ ਮੋਟਰਜ਼ ਤੇ ਮਹਿੰਦਰਾ ਵਰਗੇ ਦਿੱਗਜ ਵੀ ਬੀ. ਐੱਸ.-6 ਮਾਡਲ ਲਾਂਚ ਕਰਦੇ ਸਮੇਂ ਮੁਕਾਬਲੇਬਾਜ਼ੀ ਕੀਮਤ ਦੀ ਰਣਨੀਤੀ ਅਪਣਾਉਣ ਲਈ ਉਤਸ਼ਾਹਤ ਹੋ ਸਕਦੇ ਹਨ। ਇਨ੍ਹਾਂ ਦੋਹਾਂ ਕੰਪਨੀਆਂ ਕੋਲ ਡੀਜ਼ਲ ਕਾਰਾਂ ਦਾ ਮਹੱਤਵਪੂਰਨ ਪੋਰਟਫੋਲੀਓ ਹੈ।


ਟੋਇਟਾ ਨੇ ਪਿਛਲੇ ਹਫਤੇ ਬੀ. ਐੱਸ.-6 ਇਨੋਵਾ ਕ੍ਰਿਸਟਾ ਉਤਾਰਨ ਦਾ ਐਲਾਨ ਕੀਤਾ, ਜਿਸ ਦੀ ਮੁਕਾਬਲੇਬਾਜ਼ੀ ਕੀਮਤ ਨੇ ਕਾਫੀ ਲੋਕਾਂ ਨੂੰ ਹੈਰਾਨ ਕਰ ਦਿੱਤਾ। ਕੰਪਨੀ ਨੇ 2.50 ਲੱਖ ਰੁਪਏ ਤਕ ਦੇ ਵਾਧੇ ਦੇ ਅੰਦਾਜ਼ੇ ਦੇ ਉਲਟ ਕੀਮਤਾਂ 'ਚ 39,000 ਰੁਪਏ ਤੋਂ ਲੈ ਕੇ 1,12,000 ਰੁਪਏ ਤਕ ਦਾ ਵਾਧਾ ਕੀਤਾ ਹੈ। ਹਾਲਾਂਕਿ, ਕੰਪਨੀ ਨੇ ਇਸ ਦੀ ਵਜ੍ਹਾ ਵੀ ਦੱਸੀ ਹੈ। ਟੋਇਟਾ ਕਿਰਲੋਸਕਰ ਦੇ ਉੱਚ ਉਪ ਮੁਖੀ (ਵਿਕਰੀ ਤੇ ਗਾਹਕ ਸੇਵਾ) ਨਵੀਨ ਸੋਨੀ ਨੇ ਕਿਹਾ, ''ਜੇਕਰ ਇਨੋਵਾ ਕ੍ਰਿਸਟਾ ਡੀਜ਼ਲ ਨੂੰ ਬੀ. ਐੱਸ.-4 ਤੋਂ ਬੀ. ਐੱਸ.-6 'ਚ ਕਰਨ ਦੀ ਪੂਰੀ ਲਾਗਤ ਟਰਾਂਸਫਰ ਕੀਤੀ ਗਈ ਹੁੰਦੀ ਤਾਂ ਖਰੀਦਦਾਰਾਂ ਲਈ ਇਹ ਗੱਡੀ 2 ਲੱਖ ਰੁਪਏ ਤੋਂ 2.50 ਰੁਪਏ ਤਕ ਮਹਿੰਗੀ ਹੋ ਗਈ ਹੁੰਦੀ ਅਤੇ ਗਾਹਕ ਦੂਰ ਹੋ ਜਾਂਦੇ। ਇਸ ਲਈ ਕੰਪਨੀ ਨੇ ਆਪਣੇ ਮੁੱਖ ਦਫਤਰ ਤੋਂ ਇਜਾਜ਼ਤ ਮੰਗੀ ਕਿ ਸਾਨੂੰ ਆਪਣੀ ਬੈਲੰਸ ਸ਼ੀਟ 'ਤੇ ਥੋੜ੍ਹਾ ਝਟਕਾ ਝੱਲਣ ਦੀ ਮਨਜ਼ੂਰੀ ਦਿੱਤੀ ਜਾਵੇ।'' ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਪੇਸ਼ਕਸ਼ ਸਿਰਫ ਸੀਮਤ ਸਮੇਂ ਲਈ ਹੈ।