ਸਾਊਦੀ 'ਚ ਡਰੋਨ ਹਮਲੇ ਕਾਰਨ ਕੱਚੇ ਤੇਲ 'ਚ ਭਾਰੀ ਉਛਾਲ, ਮਹਿੰਗਾ ਹੋ ਸਕਦੈ ਪੈਟਰੋਲ

09/16/2019 3:08:53 PM

ਨਵੀਂ ਦਿੱਲੀ— ਸ਼ਨੀਵਾਰ ਨੂੰ ਸਾਊਦੀ ਦੀ ਸਰਕਾਰੀ ਖੇਤਰ ਦੀ ਅਰਾਮਕੋ ਕੰਪਨੀ ਦੇ ਦੋ ਵੱਡੇ ਤੇਲ ਪਲਾਂਟਾਂ 'ਤੇ ਹੋਏ ਡਰੋਨ ਹਮਲੇ ਮਗਰੋਂ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ 'ਤੇ ਤੇਲ ਕੀਮਤਾਂ 'ਚ 10 ਫੀਸਦੀ ਤੋਂ ਵੱਧ ਦੀ ਭਾਰੀ ਤੇਜ਼ੀ ਦਰਜ ਕੀਤੀ ਗਈ।ਕੌਮਾਂਤਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ 6.69 ਡਾਲਰ ਯਾਨੀ 11.11 ਫੀਸਦੀ ਦੇ ਉਛਾਲ ਨਾਲ 66.91 ਡਾਲਰ ਪ੍ਰਤੀ ਬੈਰਲ 'ਤੇ ਜਾ ਪੁੱਜਾ। ਯੂ. ਐੱਸ. ਵੈਸਟ ਟੈਕਸਸ ਇੰਟਰਮੀਡੀਏਟ ਕੱਚਾ ਤੇਲ ਵੀ ਇਸ ਦੌਰਾਨ 5.41 ਡਾਲਰ ਯਾਨੀ 9.86 ਫੀਸਦੀ ਚੜ੍ਹ ਕੇ 60.26 ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬ੍ਰੈਂਟ ਦੀ ਕੀਮਤ 60.22 ਡਾਲਰ ਪ੍ਰਤੀ ਬੈਰਲ ਅਤੇ ਡਬਲਿਊ. ਟੀ. ਆਈ. ਯਾਨੀ ਵੈਸਟ ਟੈਕਸਾਸ ਇੰਟਰਮੀਡੀਏਟ ਦੀ 54.85 ਡਾਲਰ ਪ੍ਰਤੀ ਬੈਰਲ ਸੀ।

ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਹਿੰਗਾ ਹੋਣ ਕਾਰਨ ਪੈਟਰੋਲ, ਡੀਜ਼ਲ ਕੀਮਤਾਂ 'ਚ ਵਾਧਾ ਹੋਣ ਦਾ ਖਦਸ਼ਾ ਹੈ। ਡਰੋਨ ਹਮਲਾ ਹੋਣ ਕਾਰਨ ਸਾਊਦੀ ਨੇ ਤੇਲ ਤੇ ਗੈਸ ਉਤਪਾਦਨ 50 ਫੀਸਦੀ ਤਕ ਘਟਾ ਦਿੱਤਾ ਹੈ, ਯਾਨੀ ਫਿਲਹਾਲ ਉੱਥੇ ਰੋਜ਼ਾਨਾ ਤਕਰੀਬਨ 50 ਲੱਖ ਬੈਰਲ ਕੱਚੇ ਤੇਲ ਦਾ ਘੱਟ ਉਤਪਾਦਨ ਹੋਵੇਗਾ, ਜਿਸ ਨਾਲ ਬਾਜ਼ਾਰ 'ਚ ਸਪਲਾਈ ਨੂੰ ਲੈ ਕੇ ਚਿੰਤਾ ਖੜ੍ਹੀ ਹੋ ਗਈ ਹੈ। ਵਿਸ਼ਵ ਭਰ ਦੇ ਕੁੱਲ ਤੇਲ ਉਤਪਾਦਨ 'ਚ ਸਾਊਦੀ ਦੀ ਹਿੱਸੇਦਾਰੀ ਲਗਭਗ 10 ਫੀਸਦੀ ਹੈ, ਯਾਨੀ ਸਾਊਦੀ ਦਾ 50 ਫੀਸਦੀ ਉਤਪਾਦਨ ਪ੍ਰਭਾਵਿਤ ਹੋਣ ਨਾਲ ਸਪਲਾਈ 'ਚ 5 ਫੀਸਦੀ ਦੀ ਕਮੀ ਹੋ ਗਈ ਹੈ।

 

ਟਰੰਪ ਵੱਲੋਂ ਸਪਲਾਈ ਵਧਾਉਣ ਦਾ ਭਰੋਸਾ


ਉੱਥੇ ਹੀ, ਇਸ ਵਿਚਕਾਰ ਯੂ. ਐੱਸ. ਸਪਲਾਈ ਵਧਾ ਸਕਦਾ ਹੈ, ਤਾਂ ਜੋ ਤੇਲ ਕੀਮਤਾਂ 'ਚ ਹੋਰ ਵਾਧਾ ਨਾ ਹੋਵੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤ ਹੋਈ ਤਾਂ ਯੂ. ਐੱਸ. ਪੈਟਰੋਲੀਅਮ ਰਿਜ਼ਰਵ 'ਚੋਂ ਤੇਲ ਸਪਲਾਈ ਵਧਾਏਗਾ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸਾਊਦੀ ਦੇ ਦੋ ਤੇਲ ਪਲਾਂਟਾਂ 'ਤੇ ਦਸ ਡਰੋਨਾਂ ਨੇ ਹਮਲਾ ਕੀਤਾ ਸੀ, ਜਿਸ ਕਾਰਨ ਸਾਊਦੀ ਨੂੰ ਰੋਜ਼ਾਨਾ ਕੱਚੇ ਤੇਲ ਉਤਪਾਦਨ 'ਚ 57 ਲੱਖ ਬੈਰਲ ਦੀ ਕਮੀ ਕਰਨੀ ਪਈ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਯਮਨ ਦੇ ਹੋਤੀ ਬਾਗੀਆਂ ਨੇ ਲਈ ਹੈ ਪਰ ਯੂ. ਐੱਸ. ਨੇ ਇਨ੍ਹਾਂ ਹਮਲਿਆਂ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੱਸਣਯੋਗ ਹੈ ਕਿ ਸਾਊਦੀ ਯਮਨ ਦੀ ਸਰਕਾਰ ਨੂੰ ਸਪੋਰਟ ਕਰਨ ਵਾਲੇ ਪੱਛਮੀ ਸੈਨਿਕ ਗੱਠਜੋੜ ਦਾ ਸਮਰਥਨ ਕਰ ਰਿਹਾ ਹੈ, ਜਦੋਂ ਕਿ ਈਰਾਨ ਹੋਤੀ ਬਾਗੀਆਂ ਦਾ ਸਮਰਥਨ ਕਰਦਾ ਹੈ।