ਬਾਈਕਾਟ ਨਾਲ ਚੀਨ ਨੂੰ ਲੱਗ ਸਕਦੈ 17 ਅਰਬ ਡਾਲਰ ਦਾ ਝਟਕਾ

06/20/2020 1:49:37 AM

ਕੋਲਕਾਤਾ - ਪੂਰਬੀ ਲੱਦਾਖ 'ਚ ਚੀਨ ਦੀ ਹਰਕਤ ਤੋਂ ਬਾਅਦ ਦੇਸ਼ 'ਚ ਚੀਨੀ ਸਾਮਾਨ ਦੇ ਬਾਈਕਾਟ ਦੀ ਮੰਗ ਜ਼ੋਰ ਫੜ ਰਹੀ ਹੈ। ਕਾਰੋਬਾਰੀਆਂ ਨੇ ਵੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਈ-ਕਾਮਰਸ ਕੰਪਨੀਆਂ ਨੂੰ ਚੀਨ 'ਚ ਬਣੇ ਸਾਮਾਨ ਦੀ ਵਿਕਰੀ ਬੰਦ ਕਰਨ ਦਾ ਆਦੇਸ਼ ਦੇਵੇ। ਚੀਨ ਵੱਲੋਂ ਭਾਰਤ ਨੂੰ ਹੋਣ ਵਾਲੀ ਕੁੱਲ ਦਰਾਮਦ 'ਚੋਂ ਰਿਟੇਲ ਟਰੇਡਰਜ਼ ਕਰੀਬ 17 ਅਰਬ ਡਾਲਰ ਦਾ ਸਾਮਾਨ ਵੇਚਦੇ ਹਨ।

ਇਨ੍ਹਾਂ 'ਚ ਜ਼ਿਆਦਾਤਰ ਖਿਡੌਣੇ, ਘਰੇਲੂ ਸਾਮਾਨ, ਮੋਬਾਈਲ, ਇਲੈਕਟ੍ਰਿਕ ਅਤੇ ਇਲੈਕਟ੍ਰਾਨਿਕ ਸਾਮਾਨ ਅਤੇ ਕਾਸਮੈਟਿਕ ਉਤਪਾਦ ਸ਼ਾਮਲ ਹਨ। ਜੇਕਰ ਚੀਨ ਵੱਲੋਂ ਇਹ ਸਾਮਾਨ ਆਉਣਾ ਬੰਦ ਹੁੰਦਾ ਹੈ ਤਾਂ ਇਸ ਨਾਲ ਇਹ ਸਾਮਾਨ ਬਣਾਉਣ ਵਾਲੀਆਂ ਘਰੇਲੂ ਕੰਪਨੀਆਂ ਨੂੰ ਫਾਇਦਾ ਹੋਵੇਗਾ ਅਤੇ ਚੀਨ ਨੂੰ 17 ਅਰਬ ਡਾਲਰ ਦਾ ਝਟਕਾ ਲੱਗੇਗਾ।

ਫੈੱਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਦੇ ਜਨਰਲ ਸੈਕਟਰੀ ਵੀ. ਕੇ. ਬੰਸਲ ਨੇ ਕਿਹਾ,''ਅਸੀਂ ਆਪਣੇ ਮੈਂਬਰਾਂ ਨੂੰ ਚੀਨੀ ਮਾਲ ਦਾ ਸਟਾਕ ਨਿਪਟਾਉਣ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਉੱਥੋਂ ਅੱਗੇ ਸਾਮਾਨ ਮੰਗਵਾਉਣ 'ਚ ਪ੍ਰਹੇਜ਼ ਕਰਨ। ਨਾਲ ਹੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਈ-ਕਾਮਰਜ਼ ਕੰਪਨੀਆਂ ਨੂੰ ਚੀਨੀ ਮਾਲ ਵੇਚਣ ਤੋਂ ਰੋਕੇ।''

ਕਾਰੋਬਾਰੀਆਂ ਦੀ ਇਕ ਪਾਸੇ ਰਾਸ਼ਟਰੀ ਸੰਸਥਾ ਦਿ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਵੀ ਚੀਨੀ ਸਾਮਾਨ ਦੇ ਬਾਈਕਾਟ ਦਾ ਫੈਸਲਾ ਕੀਤਾ ਹੈ। ਇਸ ਲਈ ਸੰਗਠਨ 'ਭਾਰਤੀ ਸਾਮਾਨ-ਸਾਡਾ ਹੰਕਾਰ' ਨਾਂ ਨਾਲ ਇਕ ਅਭਿਆਨ ਵੀ ਚਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ 'ਚ ਚੀਨ ਅਤੇ ਭਾਰਤ ਦੇ ਫੌਜੀਆਂ 'ਚ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। 15 ਜੂਨ ਦੀ ਰਾਤ ਦੋਵਾਂ ਪੱਖਾਂ 'ਚ ਹੋਈ ਹਿੰਸਕ ਝੜੱਪ 'ਚ ਇਕ ਕਰਨਲ ਸਮੇਤ 20 ਭਾਰਤੀ ਫੌਜੀ ਸ਼ਹੀਦ ਹੋ ਗਏ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ 'ਚ ਗੁੱਸਾ ਹੈ ਅਤੇ ਚੀਨੀ ਸਾਮਾਨ ਦੇ ਬਾਈਕਾਟ ਦੀ ਮੰਗ ਜ਼ੋਰ ਫੜ ਰਹੀ ਹੈ।


Karan Kumar

Content Editor

Related News