BMW ਨੇ ਖਰਾਬ ਏਅਰਬੈਗ ਕਾਰਨ ਵਾਪਸ ਮੰਗਵਾਈਆਂ 3,60,000 ਕਾਰਾਂ

04/18/2019 10:19:27 PM

ਸ਼ੰਘਾਈ-ਖ਼ਰਾਬ ਟਕਾਟਾ ਏਅਰਬੈਗ ਕਾਰਨ ਜਰਮਨੀ ਦੀ ਕੰਪਨੀ ਬੀ. ਐੱਮ. ਡਬਲਯੂ. ਨੇ ਚੀਨ 'ਚ 3,60,000 ਵਾਹਨਾਂ ਨੂੰ ਵਾਪਸ ਮੰਗਵਾਇਆ ਹੈ। ਦੁਨੀਆ ਭਰ 'ਚ 2013 ਤੋਂ ਬਾਅਦ ਟਕਾਟਾ ਏਅਰਬੈਗ 'ਚ ਖਰਾਬੀ ਨਾਲ ਜੁੜੇ ਹਾਦਸਿਆਂ 'ਚ ਲਗਭਗ 20 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਦੇ ਸਟੇਟ ਐਡਮਨਿਸਟ੍ਰੇਸ਼ਨ ਫਾਰ ਮਾਰਕੀਟ ਰੈਗੂਲੇਸ਼ਨ ਨੇ ਕਿਹਾ ਕਿ ਇਹ ਰੀਕਾਲ ਬੀ. ਐੱਮ. ਡਬਲਯੂ. ਦੇ ਸਾਂਝੇ ਅਦਾਰੇ ਵਲੋਂ 2000 ਤੇ 2018 ਦਰਮਿਆਨ ਬਣੀਆਂ ਲਗਭਗ 2,73,000 ਮਾਡਲ ਦੀਆਂ ਕਾਰਾਂ, ਜਿਨ੍ਹਾਂ 'ਚ ਹੋਰ ਮਾਡਲਾਂ ਦੇ ਨਾਲ-ਨਾਲ ਆਈ, ਐਕਸ ਅਤੇ ਐੱਮ ਲੜੀ ਦੀਆਂ ਕਾਰਾਂ ਸ਼ਾਮਲ ਹਨ, ਨੂੰ ਪ੍ਰਭਾਵਿਤ ਕਰੇਗੀ। ਇਨ੍ਹਾਂ 'ਚ ਚੀਨੀ ਨਿਰਮਾਤਾ ਬ੍ਰਿਲੀਐਂਟ ਆਟੋਮੋਟਿਵ ਤੇ 87,000 ਤੋਂ ਜ਼ਿਆਦਾ ਦਰਾਮਦ ਹੋਈਆਂ ਬੀ. ਐੱਮ. ਡਬਲਯੂ. ਕਾਰਾਂ ਵੀ ਸ਼ਾਮਲ ਹਨ।

ਏਜੰਸੀ ਨੇ ਮੰਗਲਵਾਰ ਨੂੰ ਦੇਰ ਰਾਤ ਆਪਣੀ ਵੈੱਬਸਾਈਟ 'ਤੇ ਪੋਸਟ ਕੀਤੇ ਗਏ ਬਿਆਨ 'ਚ ਕਿਹਾ ਕਿ ਖਰਾਬੀ ਕਾਰਨ ਯਾਤਰੀਆਂ ਨੂੰ ਇਨ੍ਹਾਂ ਨੂੰ ਹਟਾਉਣ ਲਈ ਨਵੇਂ ਏਅਰਬੈਗ ਦੀ ਜ਼ਰੂਰਤ ਪੈ ਸਕਦੀ ਹੈ। ਇਸ 'ਚ ਬੀ. ਐੱਮ. ਡਬਲਯੂ. ਵਲੋਂ ਲਾਏ ਏਅਰਬੈਗ ਕਾਰਨ ਹੋਣ ਵਾਲੀ ਕਿਸੇ ਵੀ ਵਿਸ਼ੇਸ਼ ਘਟਨਾ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਨੋਟਿਸ 'ਚ ਕਿਹਾ ਗਿਆ ਹੈ ਕਿ ਸ਼ੱਕੀ ਹਿੱਸਿਆਂ ਨੂੰ ਮੁਫਤ 'ਚ ਬਦਲਿਆ ਜਾਵੇਗਾ।

ਹੋਂਡਾ ਨੇ ਵੀ ਮੰਗਵਾਈਆਂ 3669 ਅਕਾਰਡ ਵਾਪਸ
ਹੋਂਡਾ ਕਾਰਸ ਇੰਡੀਆ ਲਿਮਟਿਡ (ਐੱਚ. ਸੀ. ਆਈ. ਐੱਲ.) ਨੇ ਡਰਾਈਵਰ ਲਈ ਦਿੱਤੇ ਗਏ ਏਅਰਬੈਗ ਬਦਲਣ ਲਈ 3669 ਹੋਂਡਾ ਅਕਾਰਡ ਕਾਰਾਂ ਵਾਪਸ ਮੰਗਵਾਈਆਂ ਹਨ। ਕੰਪਨੀ ਨੇ ਦੱਸਿਆ ਕਿ ਸਾਲ 2003 ਤੋਂ 2006 ਦੌਰਾਨ ਬਣੀਆਂ ਇਨ੍ਹਾਂ ਕਾਰਾਂ 'ਚ ਟਕਾਟਾ ਕੰਪਨੀ ਦਾ ਏਅਰਬੈਗ ਲਾਇਆ ਗਿਆ ਹੈ। ਏਅਰਬੈਗ 'ਚ ਤਕਨੀਕੀ ਖਰਾਬੀ ਸਾਹਮਣੇ ਆਉਣ ਤੋਂ ਬਾਅਦ ਸੰਸਾਰਿਕ ਪੱਧਰ 'ਤੇ ਉਨ੍ਹਾਂ ਨੂੰ ਬਦਲਣ ਦਾ ਅਭਿਆਨ ਚਲਾਇਆ ਗਿਆ ਹੈ। ਭਾਰਤ 'ਚ ਅਜਿਹੀਆਂ 3669 ਹੋਂਡਾ ਅਕਾਰਡ ਕਾਰਾਂ ਦੇ ਏਅਰਬੈਗ ਬਦਲੇ ਜਾਣਗੇ। ਇਨ੍ਹਾਂ ਕਾਰਾਂ ਦੇ ਏਅਰਬੈਗ ਹੋਂਡਾ ਦੇ ਡੀਲਰਾਂ ਦੇ ਕੋਲ 18 ਅਪ੍ਰੈਲ ਤੋਂ ਬਦਲੇ ਜਾਣਗੇ। ਇਸ ਦੇ ਲਈ ਕੰਪਨੀ ਸਿੱਧੇ ਗਾਹਕਾਂ ਨਾਲ ਸੰਪਰਕ ਕਰੇਗੀ।

Karan Kumar

This news is Content Editor Karan Kumar