ਬਿੰਨੀ ਬੰਸਲ ਨੇ ਫਲਿਪਕਾਰਟ ’ਚ ਵੇਚੀ ਆਪਣੀ ਹਿੱਸੇਦਾਰੀ, 531 ਕਰੋਡ਼ ਰੁਪਏ ’ਚ ਹੋਇਆ ਸੌਦਾ

06/24/2019 5:27:46 PM

ਨਵੀਂ ਦਿੱਲੀ - ਵਾਲਮਾਰਟ ਵੱਲੋਂ ਫਲਿਪਕਾਰਟ ਦੇ ਅੈਕਵਾਇਰ ਦੇ ਠੀਕ ਇਕ ਸਾਲ ਬਾਅਦ ਸਹਿ-ਸੰਸਥਾਪਕ ਬਿੰਨੀ ਬੰਸਲ ਨੇ ਇਕ ਵਾਰ ਫਿਰ ਕੰਪਨੀ ’ਚ ਆਪਣੇ ਸ਼ੇਅਰਜ਼ ਦਾ ਕੁੱਝ ਹਿੱਸਾ ਵੇਚ ਦਿੱਤਾ ਹੈ। ਬੰਸਲ ਨੇ ਇਹ ਸ਼ੇਅਰਜ਼ ਵਾਲਮਾਰਟ ਨੂੰ ਵੇਚੇ ਹਨ। ਭਾਰਤ ’ਚ ਸਟਾਰਟਅਪ ਦੇ ਪੋਸਟਰਬੁਅਾਏ ਕਹੇ ਜਾਣ ਵਾਲੇ ਬਿੰਨੀ ਬੰਸਲ ਕੋਲ 2018 ਤੱਕ ਫਲਿਪਕਾਰਟ ’ਚ 3.85 ਫੀਸਦੀ ਦੀ ਹਿੱਸੇਦਾਰੀ ਸੀ। ਰੈਗੂਲੇਟਰੀ ਫਾਈਲਿੰਗ ’ਚ ਫਲਿਪਕਾਰਟ ਨੇ ਜਾਣਕਾਰੀ ਦਿੱਤੀ ਹੈ ਕਿ ਬਿੰਨੀ ਬੰਸਲ ਨੇ 5,39,912 ਇਕਵਿਟੀ ਨੂੰ ਐੱਫ. ਆਈ. ਟੀ. ਹੋਲਡਿੰਗਸ ਐੱਸ. ਏ. ਆਰ. ਐੱਲ. ਨੂੰ 7.64 ਕਰੋਡ਼ ਡਾਲਰ (ਕਰੀਬ 531 ਕਰੋਡ਼ ਰੁਪਏ) ਟਰਾਂਸਫਰ ਕਰ ਦਿੱਤੇ ਹਨ। ਇਹ ਲਗਜਮਬਰਗ ਦੀ ਇਕ ਕੰਪਨੀ ਦੀ ਹੀ ਇਕਾਈ ਹੈ, ਜਿਸ ਨੂੰ ਵਾਲਮਾਰਟ ਆਪ੍ਰੇਟ ਕਰਦੀ ਹੈ। ਇਸ ਇਕਵਿਟੀ ਦੇ ਟਰਾਂਸਫਰ ਕਰਨ ਤੋਂ ਬਾਅਦ ਬਿੰਨੀ ਬੰਸਲ ਕੋਲ ਫਲਿਪਕਾਰਟ ’ਚ ਹੁਣ 3.52 ਫੀਸਦੀ ਸਟੇਕ ਹੀ ਬਚੇ ਹਨ।

2020 ਤੱਕ ਵੇਚ ਸਕਦੇ ਹਨ ਆਪਣੀ 50 ਫੀਸਦੀ ਹਿੱਸੇਦਾਰੀ

ਇਸ ਤੋਂ ਪਹਿਲਾਂ ਵਾਲਮਾਰਟ ਵੱਲੋਂ ਅੈਕਵਾਇਰ ਦੌਰਾਨ ਵੀ ਉਨ੍ਹਾਂ ਨੇ 11,22,433 ਸ਼ੇਅਰਜ਼ ਵੇਚੇ ਸਨ, ਜਿਸ ਦੀ ਕੁਲ ਕੀਮਤ 15.9 ਕਰੋਡ਼ ਡਾਲਰ ਸੀ। ਫਲਿਪਕਾਰਟ ਤੋਂ ਵੱਖ ਹੋਣ ਤੋਂ ਬਾਅਦ ਬਿੰਨੀ ਬੰਸਲ ਹੁਣ ਨਿਵੇਸ਼ਕ ਦੇ ਰੂਪ ’ਚ ਕੰਮ ਕਰਦੇ ਹਨ। ਪਿਛਲੇ ਸਾਲ ਦਸੰਬਰ ਮਹੀਨੇ ’ਚ ਉਨ੍ਹਾਂ ਨੇ ਏਕੋਕ ਨਾਂ ਦੇ ਇਕ ਸਟਾਰਟਅਪ ਲਈ 2.5 ਕਰੋਡ਼ ਡਾਲਰ ਨਿਵੇਸ਼ ਕੀਤਾ ਸੀ। ਕਿਸੇ ਵੀ ਆਨਲਾਈਨ ਸਟਾਰਟਅਪ ’ਚ ਉਨ੍ਹਾਂ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਇਸ ਤੋਂ ਇਲਾਵਾ ਬੰਸਲ ਨੇ ਕਈ ਹੋਰ ਸਟਾਰਟਅਪਸ ’ਚ ਵੀ ਨਿਵੇਸ਼ ਕੀਤਾ ਹੈ। ਕਾਂਟਰੈਕਟ ਦੇ ਨਿਯਮਾਂ ਮੁਤਾਬਕ ਸਾਲ 2020 ਤੱਕ ਬਿੰਨੀ ਬੰਸਲ ਆਪਣੇ ਕੁਲ ਸਟੇਕ ਦਾ ਜ਼ਿਅਾਦਾਤਰ 50 ਫੀਸਦੀ ਹਿੱਸਾ ਵੇਚ ਸਕਦੇ ਹਨ।