ਕੌਮਾਂਤਰੀ ਵਪਾਰਕ ਯੁੱਧ ਦਾ ਸੇਕ ਪਹੁੰਚਿਆ ਅਮਰੀਕੀ ਸ਼ੇਅਰ ਬਾਜ਼ਾਰ, ਦਿੱਗਜ ਸ਼ੇਅਰਾਂ ''ਚ ਆਈ ਵੱਡੀ ਗਿਰਾਵਟ

08/16/2018 3:55:15 PM

ਨਵੀਂ ਦਿੱਲੀ — ਅਮਰੀਕਾ ਅਤੇ ਤੁਰਕੀ ਵਿਚਕਾਰ ਵਪਾਰਕ ਅਤੇ ਕਾਰੋਬਾਰੀ ਵਿਵਾਦ ਦਾ ਅਸਰ ਦੁਨੀਆ ਦੇ ਬਾਕੀ ਦੇਸ਼ਾਂ ਦੇ ਨਾਲ-ਨਾਲ ਹੁਣ ਅਮਰੀਕਾ 'ਤੇ ਵੀ ਦਿਖਾਈ ਦੇਣ ਲੱਗ ਗਿਆ ਹੈ। ਅਮਰੀਕੀ ਸ਼ੇਅਰ ਬਾਜ਼ਾਰ ਵੀ ਪਿਛਲੇ ਕੁਝ ਦਿਨਾਂ ਤੋਂ  ਗਿਰਾਵਟ ਦਿਖਾ ਰਹੇ ਹਨ। ਕਈ ਦਿੱਗਜ ਸ਼ੇਅਰਾਂ 'ਚ ਤਾਂ ਵੱਡੀ ਗਿਰਵਾਟ ਦੇਖੀ ਗਈ ਹੈ।
ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਬ ਏਦ੍ਰੋਆਨ ਨੇ ਦੇਸ਼ ਦੀ ਮੁਦਰਾ ਲੀਰਾ ਨੂੰ ਸਮਰਥਨ ਦੇਣ ਲਈ ਆਪਣੇ ਦੇਸ਼ ਦੇ ਵਪਾਰੀਆਂ ਨੂੰ ਡਾਲਰ ਵੇਚਣ ਲਈ ਕਿਹਾ ਸੀ। ਇਸ ਤੋਂ ਬਾਅਦ ਕਰੀਬ 300 ਵਪਾਰੀਆਂ ਨੇ 30 ਲੱਖ ਡਾਲਰ ਨੂੰ ਤੁਰਕੀ ਦੀ ਮੁਦਰਾ ਵਿਚ ਐਕਸਚੇਂਜ ਕਰਵਾ ਲਿਆ।

ਅਮਰੀਕਾ ਅਤੇ ਤੁਰਕੀ ਵਿਚਕਾਰ ਪੈਦਾ ਹੋਏ ਵਿਵਾਦ ਦਾ ਕਾਰਨ

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸ਼ੁੱਕਰਵਾਰ ਨੂੰ ਤੁਰਕੀ ਤੋਂ ਆਯਾਤ ਹੋਣ ਵਾਲੇ ਸਟੀਲ ਅਤੇ ਐਲੂਮੀਨੀਅਮ 'ਤੇ ਟੈਰਿਫ ਡਿਊਟੀ ਦੁੱਗਣੀ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਤੁਰਕੀ ਨੇ ਵੀ ਅਲਕੋਹਲ(ਸ਼ਰਾਬ), ਤੰਬਾਕੂ, ਕਾਰਾਂ ਵਰਗੇ ਕਈ ਉਤਪਾਦਾਂ 'ਤੇ ਟੈਰਿਫ ਡਿਊਟੀ ਵਧਾ ਦਿੱਤੀ ਸੀ।

ਅਮਰੀਕੀ ਬਾਜ਼ਾਰ ਦਾ ਹਾਲ

ਮੀਡੀਆ ਰਿਪੋਰਟਸ ਅਨੁਸਾਰ, ਅਮਰੀਕੀ ਰਾਸ਼ਟਰਪਤੀ ਟਰੰਪ ਦਾ ਤੁਰਕੀ ਨਾਲ ਵਿਵਾਦ ਵਧਣ ਤੋਂ ਬਾਅਦ ਬੁੱਧਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ 'ਤੇ ਨਕਾਰਾਤਮਕ ਅਸਰ ਪਿਆ ਹੈ। ਅਮਰੀਕੀ ਐਕਸਚੇਂਜ ਡਾਓ ਜੋਂਸ 'ਚ ਕਾਰੋਬਾਰ ਦੇ ਦੌਰਾਨ 260 ਅੰਕ ਦੀ ਗਿਰਾਵਟ ਦੇਖੀ ਗਈ ਸੀ ਅਤੇ ਇਹ ਪਿਛਲੇ ਸੋਮਵਾਰ ਤੋਂ ਬਾਅਦ ਦੇ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਐੱਸ.ਐਂਡ.ਪੀ. ਵੀ 0.9 ਫੀਸਦੀ ਅਤੇ ਨੈੱਸਡੈਕ 'ਚ 1.3 ਫੀਸਦੀ ਦੀ ਗਿਰਾਵਟ ਦੇਖੀ ਗਈ। ਤਿੰਨਾਂ ਐਕਸਚੇਂਜ 'ਚ ਲਗਾਤਾਰ ਤਿੰਨ ਦਿਨਾਂ ਤੋਂ ਗਿਰਾਵਟ ਦੇਖੀ ਜਾ ਰਹੀ ਹੈ। ਇਸ ਤੋਂ ਬਾਅਦ ਅੱਜ ਵੀਰਵਾਰ ਦੇ ਦਿਨ ਵੀ ਅਮਰੀਕੀ ਸ਼ੇਅਰ ਬਾਜ਼ਾਰ 'ਚ 230 ਅੰਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਅਮਰੀਕਾ ਅਤੇ ਤੁਰਕੀ ਪੁਰਾਣੇ ਸਹਿਯੋਗੀ

ਤੁਰਕੀ ਅਤੇ ਅਮਰੀਕਾ ਦੀ ਦੋਸਤੀ 60 ਸਾਲ ਪੁਰਾਣੀ ਹੈ ਅਤੇ ਦੋਵੇਂ ਨਾਟੋ ਦੇ ਮੈਂਬਰ ਰਹੇ ਹਨ। ਇਸ ਲਈ ਦੋਵਾਂ ਦੇਸ਼ਾਂ ਵਿਚਕਾਰ ਪੈਦਾ ਹੋਇਆ ਵਿਵਾਦ ਨਿਵੇਸ਼ਕਾਂ ਲਈ ਚਿੰਤਾ ਦਾ ਕਾਰਨ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਹੀ ਨਿਵੇਸ਼ਕਾਂ ਨੇ ਸ਼ੇਅਰਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ।

ਤੁਰਕੀ ਦੀ ਮੌਜੂਦਾ ਸਥਿਤੀ

ਦੂਜੇ ਪਾਸੇ ਤੁਰਕੀ ਪਹਿਲਾਂ ਤੋਂ ਹੀ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ। ਪਿਛਲੇ ਕਰੀਬ 4 ਸਾਲ ਤੋਂ ਉਥੋਂ ਦੀ ਆਰਥਿਕਤਾ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਵਿਕਾਸ ਦੇ ਮਾਮਲੇ 'ਚ ਕਦੇ ਚੀਨ ਅਤੇ ਭਾਰਤ ਦੇ ਬਰਾਬਰ ਖੜ੍ਹਾ ਹੋਣ ਵਾਲਾ ਤੁਰਕੀ ਅੱਜ ਪਿਛੜ ਗਿਆ ਹੈ। ਉਸਦਾ ਵਪਾਰਕ ਘਾਟਾ ਅਤੇ ਵਧਦਾ ਕਰਜ਼ਾ ਉਸ ਲਈ ਵੱਡੀ ਮੁਸੀਬਤ ਬਣ ਗਿਆ ਹੈ। ਮਹਿੰਗਾਈ ਬਹੁਤੇ ਤੇਜ਼ੀ ਨਾਲ ਵਧ ਰਹੀ ਹੈ। ਇਸ ਕਾਰਨ ਤੁਰਕੀ ਦੀ ਮੁਦਰਾ ਲੀਰਾ 'ਚ ਡਾਲਰ ਦੇ ਮੁਕਾਬਲੇ ਭਾਰੀ ਗਿਰਾਵਟ ਆਈ ਹੈ।