ਬਿੱਗ ਬਾਸਕਿਟ ''ਚ ਇੰਨੇ ਕਰੋੜ ''ਚ ਵੱਡਾ ਹਿੱਸਾ ਖਰੀਦ ਸਕਦਾ ਹੈ ਟਾਟਾ ਗਰੁੱਪ

10/28/2020 10:11:12 PM

ਨਵੀਂ ਦਿੱਲੀ– ਦੇਸ਼ ਦੇ ਆਨਲਾਈਨ ਕਰਿਆਨਾ ਬਾਜ਼ਾਰ 'ਚ ਘਮਸਾਨ ਹੋਣਾ ਤੈਅ ਹੈ। ਦੇਸ਼ ਦੀ ਸਭ ਤੋਂ ਵੱਡੀ ਈ-ਗ੍ਰਾਸਰ ਕੰਪਨੀ ਬਿੱਗ ਬਾਸਕਿਟ ਆਪਣੀ ਜ਼ਿਆਦਾਤਰ ਹਿੱਸੇਦਾਰੀ ਟਾਟਾ ਗਰੁੱਪ ਨੂੰ ਵੇਚਣ ਦੀ ਤਿਆਰੀ 'ਚ ਹੈ। ਸੂਤਰਾਂ ਦੀ ਮੰਨੀਏ ਤਾਂ ਦੋਵੇਂ ਕੰਪਨੀਆਂ ਦਰਮਿਆਨ ਇਸ ਸੌਦੇ ਨੂੰ ਲੈ ਕੇ ਗੱਲਬਾਤ ਅੱਗੇ  ਪਹੁੰਚ ਗਈ ਹੈ। ਇਸ ਸੌਦੇ ਤਹਿਤ ਬਿੱਗ ਬਾਸਕਿਟ ਆਪਣੀ 50 ਫੀਸਦੀ ਹਿੱਸੇਦਾਰੀ 750 ਕਰੋੜ ਰੁਪਏ 'ਚ ਟਾਟਾ ਗਰੁੱਪ ਨੂੰ ਵੇਚ ਸਕਦੀ ਹੈ।

ਬਿੱਗ ਬਾਸਕਿਟ 'ਚ ਚੀਨ ਦੀ ਦਿੱਗਜ਼ ਇੰਟਰਨੈੱਟ ਕੰਪਨੀ ਅਲੀਬਾਬਾ ਦੀ 26 ਫੀਸਦੀ ਹਿੱਸੇਦਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਚੀਨੀ ਕੰਪਨੀ ਬਿੱਗ ਬਾਸਕਿਟ 'ਚ ਆਪਣੀ ਪੂਰੀ ਹਿੱਸੇਦਾਰੀ ਵੇਚਣ ਦੀ ਤਾਂਘ 'ਚ ਹੈ। ਕੰਪਨੀ ਦੇ ਹੋਰ ਨਿਵੇਸ਼ਕਾਂ 'ਚ ਅਸੈਂਟ ਕੈਪੀਟਲ, ਸੀ. ਡੀ. ਸੀ. ਗਰੁੱਪ ਅਤੇ ਅਰਬਾਜ਼ ਗਰੁੱਪ ਸ਼ਾਮਲ ਹਨ। ਇਨ੍ਹਾਂ 'ਚੋਂ ਕੁਝ ਆਪਣੀ ਹਿੱਸੇਦਾਰੀ ਵੇਚ ਸਕਦੇ ਹਨ।

ਇਕ ਸੂਤਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੋਹਾਂ ਕੰਪਨੀਆਂ ਦਰਮਿਆਨ ਗੱਲਬਾਤ ਚੱਲ ਰਹੀ ਹੈ ਅਤੇ ਫਿਲਹਾਲ ਕੁਝ ਵੀ ਕਹਿਣਾ ਮੁਸ਼ਕਲ ਹੈ। ਟਾਟਾ ਗਰੁੱਪ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰੁੱਪ ਦੀ ਡਿਜੀਟਲ ਕੰਪਨੀ ਟਾਟਾ ਡਿਜੀਟਲ ਰਾਹੀਂ ਇਹ ਸੌਦਾ ਹੋ ਸਕਦਾ ਹੈ। ਕੰਪਨੀ ਡਿਜੀਟਲ ਦੇ ਖੇਤਰ 'ਚ ਆਪਣੀ ਮੌਜੂਦਗੀ ਵਧਾਉਣਾ ਚਾਹੁੰਦੀ ਹੈ ਅਤੇ ਇਹ ਉਸੇ ਮੁਹਿੰਮ ਦਾ ਹਿੱਸਾ ਹੈ।
ਟਾਟਾ ਦੇ ਕਰਿਆਨਾ ਬਾਜ਼ਾਰ 'ਚ ਉਤਰਨ ਨਾਲ ਇਸ 'ਚ ਮੁਕਾਬਲੇਬਾਜ਼ੀ ਹੋਣਾ ਤੈਅ ਹੈ। ਰਿਲਾਇੰਸ ਇੰਡਸਟਰੀਜ਼ ਪਹਿਲਾਂ ਹੀ ਜੀਓ ਮਾਰਟ ਰਾਹੀਂ ਇਸ 'ਚ ਉਤਰਨ ਦੀ ਇੱਛਾ ਪ੍ਰਗਟਾ ਚੁੱਕੀ ਹੈ। ਐਮਾਜ਼ੋਨ ਅਤੇ ਫਲਿੱਪਕਾਰਟ ਪਹਿਲਾਂ ਹੀ ਇਸ 'ਚ ਮੌਜੂਦ ਹਨ। ਕੋਰੋਨਾ ਕਾਲ 'ਚ ਦੇਸ਼ 'ਚ ਆਨਲਾਈਨ ਕਰਿਆਨੇ ਦੀ ਵਰਤੋਂ ਬਹੁਤ ਵਧੀ ਹੈ।

Sanjeev

This news is Content Editor Sanjeev