ਭਾਰਤ ਬਾਇਓਟੈਕ ਵੱਲੋਂ ਕੋਵੈਕਸਿਨ ਦੀ 14 ਰਾਜਾਂ ਨੂੰ ਸਿੱਧੀ ਸਪਲਾਈ ਹੋਈ ਸ਼ੁਰੂ

05/10/2021 1:14:19 PM

ਨਵੀਂ ਦਿੱਲੀ- ਹੁਣ ਰਾਜਾਂ ਨੂੰ ਕੋਵਿਡ-19 ਟੀਕਿਆਂ ਦੀ ਸਪਲਾਈ ਜਲਦ ਮਿਲੇਗੀ। ਭਾਰਤ ਬਾਇਓਟੈਕ ਨੇ ਆਪਣੀ ਕੋਵੈਕਸਿਨ ਦੀ ਰਾਜਾਂ ਨੂੰ ਸਿੱਧੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੀ ਸੰਯੁਕਤ ਪ੍ਰਬੰਧਕ ਨਿਰਦੇਸ਼ਕ ਸੁਚਿਤਰਾ ਈਲਾ ਮੁਤਾਬਕ, ਦਿੱਲੀ ਅਤੇ ਮਹਾਰਾਸ਼ਟਰ ਸਣੇ 14 ਰਾਜਾਂ ਨੂੰ ਕੋਵਿਡ-19 ਟੀਕੇ ਕੋਵੈਕਸਿਨ ਦੀ ਸਿੱਧੀ ਸਪਲਾਈ ਇਕ ਮਈ ਤੋਂ ਸ਼ੁਰੂ ਕਰ ਦਿੱਤੀ ਗਈ ਹੈ।

ਹੈਦਰਾਬਾਦ ਦੀ ਕੰਪਨੀ ਨੇ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਵੰਡ ਵਿਵਸਥਾ ਅਨੁਸਾਰ, ਕੋਵਿਡ-19 ਟੀਕੇ ਦੀ ਸਪਲਾਈ ਸ਼ੁਰੂ ਕੀਤੀ ਹੈ। 

ਈਲਾ ਨੇ ਟਵੀਟ ਕੀਤਾ, ''ਭਾਰਤ ਬਾਇਓਟੈਕਸ ਇਕ ਮਈ 2021 ਤੋਂ ਭਾਰਤ ਸਰਕਾਰ ਵੱਲੋਂ ਨਿਰਧਾਰਤ ਵੰਡ ਯੋਜਨਾ ਦੇ ਆਧਾਰ 'ਤੇ ਇਨ੍ਹਾਂ ਰਾਜ ਸਰਕਾਰਾਂ ਨੂੰ ਕੋਵੈਕਸਿਨ ਦੀ ਸਿੱਧੀ ਸਪਲਾਈ ਦੀ ਪੁਸ਼ਟੀ ਕਰਦੀ ਹੈ। ਹੋਰ ਰਾਜਾਂ ਤੋਂ ਵੀ ਮੰਗ ਆਈ ਹੈ ਅਤੇ ਅਸੀਂ ਸਟਾਕ ਦੀ ਉਪਲਬਧਤਾ ਦੇ ਆਧਾਰ 'ਤੇ ਸਪਲਾਈ ਕਰਾਂਗੇ।'' ਕੰਪਨੀ ਇਸ ਸਮੇਂ ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੁਜਰਾਤ, ਜੰਮੂ ਕਸ਼ਮੀਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੂੰ ਟੀਕਿਆਂ ਦੀ ਸਪਲਾਈ ਕਰ ਰਹੀ ਹੈ। ਗੌਰਤਲਬ ਹੈ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰ ਨੇ ਰਾਜ ਸਰਕਾਰਾਂ ਅਤੇ ਹਸਪਤਾਲਾਂ ਨੂੰ ਸਿੱਧੀ ਸਪਲਾਈ ਕਰਨ ਦੀ ਢਿੱਲੀ ਦਿੱਤੀ ਹੈ ਅਤੇ ਇਸ ਲਈ ਇਕ ਕੋਟਾ ਨਿਰਧਾਰਤ ਕੀਤਾ ਹੈ। ਦੇਸ਼ ਵਿਚ ਮੌਜੂਦਾ ਸਮੇਂ ਕੋਵੈਕਸਿਨ ਤੋਂ ਇਲਾਵਾ ਸੀਰਮ ਦੇ ਕੋਵੀਸ਼ੀਲਡ ਦਾ ਟੀਕਾਕਰਨ ਵਿਚ ਇਸਤੇਮਾਲ ਹੋ ਰਿਹਾ ਹੈ। ਜਲਦ ਹੀ ਰੂਸ ਦਾ ਬਣਿਆ ਸਪੂਤਨਿਕ-ਵੀ ਟੀਕਾ ਵੀ ਮਿਲਣ ਲੱਗੇਗਾ।
 

Sanjeev

This news is Content Editor Sanjeev