ਜੀ. ਐੱਸ. ਟੀ. ਤੋਂ ਪਹਿਲਾਂ ਇਨ੍ਹਾਂ ਕਾਰਾਂ 'ਤੇ ਭਾਰੀ ਛੋਟ!

06/10/2017 3:39:08 PM

ਨਵੀਂ ਦਿੱਲੀ— ਜੀ. ਐੱਸ. ਟੀ. ਲਾਗੂ ਹੋਣ ਦੇ ਜਿਵੇਂ-ਜਿਵੇਂ ਦਿਨ ਨੇੜੇ ਆ ਰਹੇ ਹਨ, ਉਵੇਂ ਹੀ ਆਟੋਮੋਬਾਇਲ ਕੰਪਨੀਆਂ ਨੇ ਡੀਲਰਾਂ ਦੇ ਸੇਲਸ ਟਾਰਗੇਟ ਵਧਾ ਦਿੱਤੇ ਹਨ। ਆਟੋਮੋਬਾਇਲ ਕੰਪਨੀਆਂ ਆਪਣੇ ਡੀਲਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਟਾਕ ਕੱਢਣ ਨੂੰ ਕਹਿ ਰਹੀਆਂ ਹਨ। ਇਸ ਲਈ ਕੰਪਨੀਆਂ ਨੇ ਇਕ ਸਕੀਮ ਵੀ ਪੇਸ਼ ਕੀਤੀ ਹੈ, ਜਿਸ ਤਹਿਤ ਕੰਪਨੀਆਂ ਡੀਲਰਾਂ ਨੂੰ ਜੀ. ਐੱਸ. ਟੀ. ਕਾਰਨ ਹੋਣ ਵਾਲੇ ਨੁਕਸਾਨ ਦੀ ਪੂਰਤੀ ਕਰਨਗੀਆਂ। ਕੰਪਨੀਆਂ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਇਸ ਨੁਕਸਾਨ ਤੋਂ ਬਚਣ ਲਈ ਡੀਲਰਾਂ ਨੂੰ ਆਪਣੇ ਵਿਕਰੀ ਟੀਚੇ ਤੋਂ ਜ਼ਿਆਦਾ ਗੱਡੀਆਂ ਵੇਚਣੀਆਂ ਹੋਣਗੀਆਂ। ਇਹੀ ਕਾਰਨ ਹੈ ਕਿ ਡੀਲਰ ਅਤੇ ਕੰਪਨੀਆਂ ਨੇ ਇਸ ਨੂੰ ਲੈ ਕੇ ਰਣਨੀਤੀ ਬਣਾਈ ਹੈ। ਡੀਲਰ ਅਤੇ ਕੁਝ ਕੰਪਨੀਆਂ ਵੱਲੋਂ ਛੋਟ ਤੋਂ ਲੈ ਕੇ ਐਕਸਚੇਂਜ਼ ਬੋਨਸ ਅਤੇ ਮੁਫਤ ਬੀਮਾ ਵਰਗੇ ਆਫਰ ਦਿੱਤੇ ਜਾ ਰਹੇ ਹਨ। 
ਡੀਲਰਾਂ ਨੂੰ ਕੀ ਹੈ ਡਰ?
ਦਿੱਲੀ 'ਚ ਮਾਰੂਤੀ ਸੁਜ਼ੂਕੀ ਇੰਡੀਆ ਦੇ ਇਕ ਡੀਲਰ ਨੇ ਦੱਸਿਆ ਕਿ ਜਨਵਰੀ 2017 ਦੇ ਬਾਅਦ ਦੇ ਸਾਰੇ ਵਾਹਨਾਂ ਨੂੰ ਹਰਜਾਨਾ ਦਿੱਤਾ ਜਾਵੇਗਾ। ਹਾਲਾਂਕਿ, ਵਿਟਾਰਾ ਬਰੇਜਾ, ਬਲੇਨੋ ਅਤੇ ਨਵੀਂ ਡਿਜ਼ਾਇਰ 'ਤੇ ਇਹ ਆਫਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਡੀਲਰਾਂ ਨੂੰ ਵਿਕਰੀ ਟੀਚੇ ਦੀ 1.3 ਗੁਣਾ ਦੀ ਸੇਲਸ ਕਰਨੀ ਹੈ ਤਦ ਪੂਰੇ ਨੁਕਸਾਨ ਦੀ ਪੂਰਤੀ ਹੋਵੇਗੀ। ਡੀਲਰਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ 1 ਜੁਲਾਈ ਦੇ ਬਾਅਦ ਮੌਜੂਦਾ ਸਟਾਕ ਦੇ ਬੇਸਿਕ ਮੁੱਲ 'ਤੇ ਨੁਕਸਾਨ ਹੋਵੇਗਾ। ਡੀਲਰਸ਼ਿਪ ਪੱਧਰ 'ਤੇ ਪਹਿਲਾਂ ਹੀ ਵਾਹਨਾਂ ਲਈ ਕਈ ਟੈਕਸ ਦਿੱਤੇ ਜਾ ਚੁੱਕੇ ਹਨ, ਜਿਸ ਨੂੰ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਰਿਫੰਡ ਨਹੀਂ ਕੀਤਾ ਜਾਵੇਗਾ। ਉੱਥੇ ਹੀ, ਵਿਕਰੀ 'ਤੇ ਜੀ. ਐੱਸ. ਟੀ. ਲਗਾਇਆ ਜਾਵੇਗਾ। ਜੀ. ਐੱਸ. ਟੀ. ਨਿਯਮਾਂ ਮੁਤਾਬਕ, ਡੀਲਰ ਕੇਂਦਰੀ ਵਿਕਰੀ ਟੈਕਸ, ਬੁਨਿਆਦੀ ਸੈੱਸ, ਆਟੋ ਸੈੱਸ, ਐਂਟਰੀ ਟੈਕਸ ਦੇ ਇਵਜ਼ 'ਚ ਇਨਪੁਟ ਟੈਕਸ ਕ੍ਰੈਡਿਟ ਦਾ ਫਾਇਦਾ ਨਹੀਂ ਲੈ ਸਕਦੇ। ਅਜਿਹੇ 'ਚ ਕੰਪਨੀਆਂ ਅਤੇ ਡੀਲਰਾਂ ਨੇ ਕੁਝ ਛੋਟ ਦੇ ਨਾਲ ਆਪਣੇ ਵਾਹਨ ਵੇਚਣੇ ਸ਼ੁਰੂ ਕਰ ਦਿੱਤੇ ਹਨ। 
ਇਨ੍ਹਾਂ ਕਾਰਾਂ 'ਤੇ ਮਿਲਣਗੇ ਆਫਰ


ਫੋਰਡ ਇੰਡੀਆ ਨੇ ਜੀ. ਐੱਸ. ਟੀ. ਦੇ ਮੱਦੇਨਜ਼ਰ ਆਪਣੀਆਂ ਕੁਝ ਕਾਰਾਂ 'ਤੇ ਇਸ ਦਾ ਫਾਇਦਾ ਗਾਹਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਕੰਪਨੀ ਨੇ ਮੌਜੂਦਾ ਐਕਸ-ਸ਼ੋਅਰੂਮ ਕੀਮਤ ਅਤੇ ਜੀ. ਐੱਸ. ਟੀ. ਦਰ ਤਹਿਤ ਕੀਮਤ ਵਿਚਾਲੇ ਲਾਭ ਨੂੰ ਗਾਹਕਾਂ ਨੂੰ ਦੇਣ ਦਾ ਐਲਾਨ ਕੀਤਾ ਹੈ। ਇਹ ਲਾਭ ਕੰਪਨੀ ਵੱਲੋਂ 30 ਜੂਨ ਤਕ ਖਰੀਦੇ ਜਾਣ ਵਾਲੇ ਵਾਹਨਾਂ 'ਤੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੰਪਨੀ 8.15 ਫੀਸਦੀ ਵਿਆਜ ਦਰ ਦਾ ਵੱਖਰਾ ਫਾਇਦਾ ਵੀ ਦੇਵੇਗੀ। ਜੀ. ਐੱਸ. ਟੀ. ਦੇ ਮੱਦੇਨਜ਼ਰ ਕੰਪਨੀ 10 ਹਜ਼ਾਰ ਰੁਪਏ ਤਕ ਦੀ ਛੋਟ ਅਤੇ 15 ਹਜ਼ਾਰ ਰੁਪਏ ਤਕ ਦਾ ਐਕਸਚੇਂਜ਼ ਬੋਨਸ ਵੀ ਦੇਵੇਗੀ। ਇਸ ਆਫਰ ਤਹਿਤ ਫੋਰਡ ਐਸਪਾਇਰ ਦੀ ਕੀਮਤ 5.49 ਲੱਖ ਰੁਪਏ, ਨੈਕਸਟ ਫੋਰਡ ਫੀਗੋ ਦੀ ਕੀਮਤ 4.79 ਲੱਖ ਰੁਪਏ ਅਤੇ ਫੋਰਡ ਈਕੋਸਪੋਰਟ ਦੀ ਕੀਮਤ 7.24 ਲੱਖ ਰੁਪਏ ਤੋਂ ਸ਼ੁਰੂ ਹੈ। ਇਸ ਤੋਂ ਇਲਾਵਾ ਹੁੰਡਈ ਦੇ ਡੀਲਰਸ਼ਿਪ ਲੇਵਲ 'ਤੇ ਵੀ ਵੱਖ-ਵੱਖ ਮਾਡਲਾਂ 'ਤੇ ਛੋਟ ਦਿੱਤੀ ਜਾ ਰਹੀ ਹੈ। ਇਸ 'ਚ ਈਆਨ, ਗ੍ਰਾਂਡ ਆਈ-10, ਐਕਸਸੈਂਟ, ਆਈ20 ਅਤੇ ਵਰਨਾ 'ਤੇ 20 ਹਜ਼ਾਰ ਤੋਂ 30 ਹਜ਼ਾਰ ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਉੱਥੇ ਹੀ ਹੌਂਡਾ ਕਾਰਾਂ 'ਤੇ ਵੀ ਐਕਸਚੇਂਜ ਆਫਰ ਅਤੇ ਹੋਰ ਲਾਭ ਦਿੱਤੇ ਜਾ ਰਹੇ ਹਨ। ਮਾਰੂਤੀ ਸੁਜ਼ੂਕੀ ਦੀਆਂ ਕਾਰਾਂ 'ਤੇ ਵੀ ਡੀਲਰ 5 ਤੋਂ 10 ਹਜ਼ਾਰ ਰੁਪਏ ਤਕ ਦੀ ਛੋਟ ਦੇ ਰਹੇ ਹਨ। ਟਾਟਾ ਮੋਟਰਜ਼ ਦੇ ਡੀਲਰ ਵੀ ਆਪਣੇ ਵੱਲੋਂ ਕੁਝ ਛੋਟ ਦੇ ਸਕਦੇ ਹਨ।