ਬਾਸਮਤੀ ਚੌਲ ਦੀਆਂ ਕੀਮਤਾਂ ''ਚ ਭਾਰੀ ਗਿਰਾਵਟ, ਕਿਸਾਨਾਂ ਨੂੰ ਹੇਜਿੰਗ ਦੀ ਦਿੱਤੀ ਜਾ ਰਹੀ ਸਲਾਹ

11/22/2019 2:47:41 PM

ਮੁੰਬਈ — ਮੋਟੀ ਕਮਾਈ ਦੀ ਖੁਸ਼ਬੂ ਫੈਲਾਉਣ ਵਾਲਾ ਬਾਸਮਤੀ ਚੌਲ ਇਸ ਵਾਰ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ। ਵਿਦੇਸ਼ਾਂ ਤੋਂ ਆਉਣ ਵਾਲੀ ਮੰਗ ਕਮਜ਼ੋਰ ਰਹਿਣ ਦੇ ਡਰ ਕਾਰਨ ਪਿਛਲੇ ਇਕ ਮਹੀਨੇ 'ਚ ਬਾਸਮਤੀ ਦੀਆਂ ਕੀਮਤਾਂ 'ਚ 21 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆ ਚੁੱਕੀ ਹੈ। ਬਾਸਮਤੀ ਦੀਆਂ ਸਾਰੀਆਂ ਕਿਸਮਾਂ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਨਾਲ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ। ਬਾਸਮਤੀ 'ਚ ਘਾਟੇ ਦੀ ਚਿੰਤਾ ਕਿਸਾਨਾਂ ਨੂੰ ਵਾਇਦਾ ਬਜ਼ਾਰ ਵੱਲ ਮੋੜਣ ਦਾ ਕੰਮ ਕਰ ਰਹੀ ਹੈ। ਵਾਇਦਾ ਐਕਸਚੇਂਜ ਵੀ ਇਸ ਮੌਕੇ ਦਾ ਪੂਰਾ ਫਾਇਦਾ ਲੈਣਾ ਚਾਹੁੰਦਾ ਹੈ ਇਸ ਲਈ ਕਿਸਾਨਾਂ ਨੂੰ ਹੈਜਿੰਗ ਦਾ ਮੰਤਰ ਦੇ ਰਿਹਾ ਹੈ। 

ਸਿਰਫ ਇਕ ਮਹੀਨਾ ਪਹਿਲਾਂ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਮੰਡੀਆਂ ਵਿਚ ਬਾਸਮਤੀ ਦੀਆਂ ਲਗਭਗ ਸਾਰੀਆਂ ਕਿਸਮਾਂ 3,000 ਰੁਪਏ ਪ੍ਰਤੀ ਕੁਇੰਟਲ ਤੋਂ ਉੱਪਰ ਵਿਕ ਰਹੀਆਂ ਸਨ ਜਦੋਂਕਿ ਮੌਜੂਦਾ ਸਮੇਂ 'ਚ ਸਾਰੀਆਂ ਕਿਸਮਾਂ ਦੇ ਭਾਅ 3,000 ਰੁਪਏ ਤੋਂ ਹੇਠਾਂ ਚਲ ਰਹੇ ਹਨ। ਐਗਮਾਰਕ ਤੋਂ ਪ੍ਰਾਪਤ ਮਿਲੇ ਅਕੜਿਆਂ ਮੁਤਾਬਕ ਹਰਿਆਣੇ 'ਚ ਪਿਛਲੇ ਮਹੀਨੇ 14 ਅਕਤੂਬਰ ਨੂੰ ਬਾਸਮਤੀ-1121 ਦਾ ਭਾਅ 3,451 ਰੁਪਏ ਪ੍ਰਤੀ ਕੁਇੰਟਲ ਸੀ ਜਿਹੜਾ ਕਿ ਹੁਣ ਡਿੱਗ ਕੇ 2,781 ਰੁਪਏ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ ਬਾਸਮਤੀ-1509 ਕਿਸਮ ਦੀ ਕੀਮਤ 2,251 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਹਾਜਿਰ ਬਜ਼ਾਰ 'ਚ ਕੀਮਤਾਂ ਡਿੱਗਣ ਕਾਰਨ ਵਾਇਦਾ ਬਜ਼ਾਰ 'ਚ ਗਿਰਾਵਟ ਆਈ ਹੈ। ਆਈ.ਸੀ.ਈ.ਐਕਸ. 'ਚ ਪੀ.ਬੀ.-1121 ਦਾ ਭਾਅ ਡਿੱਗ ਕੇ 3,161 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਜਿਹੜਾ ਕਿ ਪਿਛਲੇ ਮਹੀਨੇ 3,500 ਰੁਪਏ ਦੇ ਆਸ-ਪਾਸ ਚਲ ਰਿਹਾ ਸੀ।

ਕਾਰੋਬਾਰੀਆਂ ਅਨੁਸਾਰ ਬਜ਼ਾਰ 'ਚ ਮੰਗ ਕਮਜ਼ੋਰ ਹੈ ਕਿਉਂਕਿ ਨਿਰਯਾਤ ਘੱਟ ਹੈ ਜਿਸ ਕਾਰਨ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ। ਦੂਜੇ ਪਾਸੇ ਇਸ ਸਾਲ ਬਾਸਮਤੀ ਦਾ ਉਤਪਾਦਨ ਵੀ ਘੱਟ ਹੀ ਰਹਿਣ ਵਾਲਾ ਹੈ। ਇਸ ਲਈ ਫਰਵਰੀ ਤੱਕ ਕੀਮਤਾਂ 'ਚ ਸੁਧਾਰ ਆਉਣਾ ਸ਼ੁਰੂ ਹੋ ਜਾਵੇਗਾ। ਇਹ ਫਸਲ ਦਾ ਸੀਜ਼ਨ ਹੈ ਇਸ ਲਈ ਮੰਡੀਆਂ 'ਚ ਆਮਦ ਜ਼ਿਆਦਾ ਹੈ ਪਰ ਮੰਗ ਨਹੀਂ ਹੈ ਜਿਸ ਕਾਰਨ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ। ਪਿਛਲੇ ਸਾਲ ਇਸ ਸਮੇਂ ਬਾਸਮਤੀ ਚੌਲ ਦੀ ਔਸਤ ਕੀਮਤ 3,000 ਰੁਪਏ ਸੀ ਜਿਹੜੀ ਕਿ ਇਸ ਸਾਲ 2,300 ਰੁਪਏ ਪ੍ਰਤੀ ਕੁਇੰਟਲ ਹੈ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਭਾਅ ਕਰੀਬ 700 ਰੁਪਏ ਪ੍ਰਤੀ ਕੁਇੰਟਲ ਘੱਟ ਗਿਆ ਹੈ।

ਦੂਜੇ ਪਾਸੇ ਫਸਲ ਤਿਆਰ ਹੋਣ ਦੇ ਬਾਅਦ ਬੇਮੌਸਮੀ ਬਾਰਿਸ਼ ਦੇ ਕਾਰਨ ਵੀ ਫਸਲ ਨੂੰ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਕਿਸਾਨਾਂ 'ਤੇ ਦੌਹਰੀ ਮਾਰ ਪੈ ਰਹੀ ਹੈ। ਉਤਪਾਦਨ ਵੀ ਘੱਟ ਮਿਲ ਰਿਹਾ ਹੈ ਅਤੇ ਕੀਮਤ ਵੀ ਘੱਟ ਮਿਲ ਰਹੀ ਹੈ। ਬਾਸਮਤੀ ਚੌਲ ਸੰਗਠਨਾਂ ਨਾਲ ਜੁੜੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਪ੍ਰਤੀ ਏਕੜ 35 ਕੁਇੰਟਲ ਪੈਦਾਵਾਰ ਹੋਈ ਸੀ ਜਦੋਂਕਿ ਇਸ ਵਾਰ ਉਤਪਾਦਨ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 28 ਕੁਇੰਟਲ ਹੈ।

ਹਾਜਿਰ ਬਜ਼ਾਰ ਦੇ ਮੁਕਾਬਲੇ ਵਾਇਦਾ ਬਜ਼ਾਰ 'ਚ ਭਾਅ ਬਿਹਤਰ ਹੋਣ ਕਾਰਨ ਕਿਸਾਨ ਅਤੇ ਕਾਰੋਬਾਰੀ ਵਾਇਦਾ ਬਜ਼ਾਰ ਵੱਲ ਆਕਰਸ਼ਿਤ ਹੋ ਰਹੇ ਹਨ। ਕਮੋਡਿਟੀ ਐਕਸਚੇਂਜ ਆਈ.ਸੀ.ਈ.ਐਕਸ. ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰਮੁੱਖ ਕਾਰਜਕਾਰੀ ਨਿਰਦੇਸ਼ਕ ਪ੍ਰਸਾਦ ਕਹਿੰਦੇ ਹਨ ਕਿ ਕਿਸਾਨਾਂ ਦਾ ਜੋਖਮ ਘੱਟ ਕਰਨ ਲਈ ਵੀ ਵਾਇਦਾ ਬਜ਼ਾਰ ਹੁੰਦਾ ਹੈ। ਹੇਜਿੰਗ ਕਰਕੇ ਕਿਸਾਨ ਅਤੇ ਕਾਰੋਬਾਰੀ ਆਪਣੀ ਸੰਭਾਵੀਂ ਘਾਟਾ ਟਾਲ ਸਕਦੇ ਹਨ। ਵਾਇਦਾ ਕੰਟਰੈਕਟਸ ਜ਼ਰੀਏ ਹੈਜਿੰਗ ਕਰਨਾ ਬੀਮੇ ਦੀ ਤਰ੍ਹਾਂ ਹੈ। ਬਾਸਮਤੀ ਕਿਸਾਨਾਂ ਅਤੇ ਨਿਰਯਾਤਕਾਂ ਨੂੰ ਇਸ ਦੀ ਵਿਸ਼ੇਸ਼ਤਾ ਪਤਾ ਹੈ।

ਪ੍ਰਸਾਦ ਦਾ ਕਹਿਣਾ ਹੈ ਕਿ ਚੌਲ ਦੀ ਬਿਜਾਈ ਜੂਨ-ਜੁਲਾਈ ਦੇ ਮਹੀਨੇ 'ਚ ਹੁੰਦੀ ਹੈ ਅਤੇ ਕਟਾਈ ਸਤੰਬਰ ਤੋਂ ਅਕਤੂਬਰ ਦੇ ਮਹੀਨਿਆਂ 'ਚ ਕੀਤੀ ਜਾਂਦੀ ਹੈ। ਨਵੰਬਰ ਦੇ ਦੌਰਾਨ ਬਜ਼ਾਰ 'ਚ ਸਭ ਤੋਂ ਜ਼ਿਆਦਾ ਆਮਦ ਹੁੰਦੀ ਹੈ। ਇਸ ਤੋਂ ਬਾਅਦ ਫਰਵਰੀ ਤੱਕ ਬਜ਼ਾਰ ਵਿਚ ਆਮਦ(ਸਪਲਾਈ) ਘੱਟ ਹੋਣ ਲਗਦੀ ਹੈ। ਸਪਲਾਈ ਘੱਟ ਹੁੰਦੇ ਹੀ ਕੀਮਤਾਂ ਵਿਚ ਸੁਧਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਕੁੱਲ ਮਿਲਾ ਕੇ ਮੰਗ ਅਤੇ ਸਪਲਾਈ ਦੇ ਹਿਸਾਬ ਨਾਲ ਹੀ ਕੀਮਤਾਂ ਨਿਰਧਾਰਤ ਹੁੰਦੀਆਂ ਹਨ।  ਕੀਮਤਾਂ ਦੇ ਪੱਧਰ ਨੂੰ ਬਣਾਏ ਰੱਖਣ ਲਈ ਹੀ ICEX ਪਲੇਟਫਾਰਮ 'ਤੇ ਕਿਸਾਨ, ਮਿੱਲਰ, ਨਿਰਯਾਤਕ ਅਤੇ ਆਮ ਕਾਰੋਬਾਰੀ ਹੇਜਿੰਗ ਕਰਦੇ ਹਨ। ਕਿਸਾਨਾਂ ਨੂੰ ਇਸ ਦੀ ਜਾਣਕਾਰੀ ਦੇਣ ਲਈ ਐਕਸਚੇਂਜ ਵਲੋਂ ਲਗਾਤਾਰ ਜਾਗਰੂਕਤਾ ਅਤੇ ਕਾਰੋਬਾਰੀ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।