ਈਰਾਨ ਦਾ ਝਟਕਾ, ਬਾਸਮਤੀ ਕਿਸਾਨਾਂ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ!

10/14/2019 3:32:27 PM

ਨਵੀਂ ਦਿੱਲੀ— ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਘੱਟ ਕੀਮਤਾਂ 'ਤੇ ਬਾਸਮਤੀ ਤੋਲਣੀ ਪੈ ਸਕਦੀ ਹੈ। ਇਸ ਦਾ ਕਾਰਨ ਹੈ ਕਿ ਈਰਾਨ ਨੇ ਖਰੀਦ ਘਟਾ ਦਿੱਤੀ ਹੈ ਤੇ ਉਸ ਨੇ ਹੁਣ ਤਕ ਖਰੀਦ ਸੰਬੰਧੀ ਕੋਈ ਭਰੋਸਾ ਨਹੀਂ ਦਿੱਤਾ ਹੈ, ਜਿਸ ਕਾਰਨ ਬਰਾਮਦਕਾਰਾਂ ਦੇ ਸਾਹ ਸੁੱਕ ਗਏ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਈਰਾਨ ਇਸ ਵਾਰ ਸਿਰਫ 4 ਲੱਖ ਟਨ ਬਾਸਮਤੀ ਹੀ ਇੰਪੋਰਟ ਕਰ ਸਕਦਾ ਹੈ। ਬਾਸਮਤੀ ਬਰਾਮਦਕਾਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਚਿੰਤਤ ਹਨ ਤੇ ਸਿਰਫ ਅੰਦਾਜ਼ਾ ਹੀ ਲਗਾ ਸਕਦੇ ਹਨ ਕਿ ਈਰਾਨ ਕਿੰਨੀ ਬਾਸਮਤੀ ਖਰੀਦੇਗਾ।

 

ਈਰਾਨ 'ਤੇ ਸਖਤ ਅਮਰੀਕੀ ਰੋਕਾਂ ਕਾਰਨ ਕਈ ਦੇਸ਼ਾਂ ਦਾ ਵਪਾਰ ਉਸ ਨਾਲ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ ਮਹੀਨੇ ਚੰਡੀਗੜ੍ਹ ਪੁੱਜੇ ਭਾਰਤ 'ਚ ਈਰਾਨ ਦੇ ਰਾਜਦੂਤ ਡਾਕਟਰ ਅਲੀ ਚੇਂਗੇਨੀ ਨੇ ਕਿਹਾ ਸੀ ਕਿ ਜੇਕਰ ਭਾਰਤ ਈਰਾਨ ਤੋਂ ਤੇਲ ਨਹੀਂ ਖਰੀਦਦਾ ਤਾਂ ਉਸ ਦਾ ਦੇਸ਼ ਵੀ ਬਾਸਮਤੀ ਇੰਪੋਰਟ ਨਹੀਂ ਕਰੇਗਾ। ਈਰਾਨ 'ਤੇ ਲਾਗੂ ਸਖਤ ਅਮਰੀਕੀ ਰੋਕਾਂ ਵਿਚਕਾਰ ਬਾਸਮਤੀ ਕਿਸਾਨਾਂ ਲਈ ਇਹ ਸਮਾਂ ਮੁਸ਼ਕਲ ਲੱਗ ਰਿਹਾ ਹੈ।

ਭਾਰਤ ਹੁਣ ਤਕ ਹਰ ਸਾਲ ਕੁੱਲ 40 ਲੱਖ ਟਨ ਬਾਸਮਤੀ ਬਰਾਮਦ ਕਰ ਰਿਹਾ ਸੀ, ਜਿਸ 'ਚੋਂ ਤਕਰੀਬਨ 16 ਲੱਖ ਟਨ ਸਾਊਦੀ ਅਤੇ ਈਰਾਨ ਖਰੀਦਦੇ ਰਹੇ ਹਨ। ਇਸ 'ਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਤੇ ਹਰਿਆਣਾ ਦਾ ਰਿਹਾ ਹੈ। ਕਿਸਾਨਾਂ ਲਈ ਸਭ ਤੋਂ ਵੱਡੀ ਚਿੰਤਾ ਇਸ ਲਈ ਵੀ ਹੈ ਕਿਉਂਕਿ ਪੰਜਾਬ 'ਚ ਇਸ ਸੀਜ਼ਨ 'ਚ ਕੁੱਲ 15 ਲੱਖ ਏਕੜ 'ਚ ਬਾਸਮਤੀ ਲੱਗੀ ਹੈ। 1509 ਕਿਸਮ ਦੀ ਬਿਜਾਈ 40 ਫੀਸਦੀ ਰਕਬੇ 'ਚ ਕੀਤੀ ਗਈ ਹੈ, ਜਦੋਂ ਕਿ ਬਾਕੀ ਹਿੱਸੇ 'ਚ 1121 ਕਿਸਮ ਦੀ ਬਿਜਾਈ ਹੋਈ ਹੈ ਤੇ ਇਹ ਨਵੰਬਰ 'ਚ ਪੱਕ ਜਾਣ ਦੀ ਉਮੀਦ ਹੈ, ਯਾਨੀ ਬਾਜ਼ਾਰ 'ਚ ਭਾਰੀ ਮਾਤਰਾ 'ਚ ਸਪਲਾਈ ਹੋਣ ਨਾਲ ਕੀਮਤਾਂ ਡਿੱਗਣ ਦਾ ਖਦਸ਼ਾ ਹੈ। ਹਾਲਾਂਕਿ, ਇਸ ਵਿਚਕਾਰ ਪੰਜਾਬ ਦੇ ਖੇਤੀਬਾੜੀ ਸਕੱਤਰ ਮੁਤਾਬਕ ਫਿਲਹਾਲ ਸਥਿਤੀ ਚਿੰਤਾਜਨਕ ਨਹੀਂ ਹੈ ਕਿਉਂਕਿ ਸਾਡੇ ਖੁਸ਼ਬੂ ਵਾਲੇ ਅਨਾਜ ਦੀ ਗੁਣਵੱਤਾ 'ਚ ਸੁਧਾਰ ਹੋਇਆ ਹੈ ਤੇ ਦੂਜੇ ਰਾਜਾਂ ਦੇ ਵਪਾਰੀ ਵੀ ਪੰਜਾਬ ਤੋਂ ਬਾਸਮਤੀ ਖਰੀਦ ਰਹੇ ਹਨ।