ਪੈਨਸ਼ਨ ਲਈ ਹੁਣ ਨਹੀਂ ਲਾਉਣੇ ਪੈਣਗੇ ਬੈਂਕਾਂ ਦੇ ਚੱਕਰ, ਬਦਲੇ ਨਿਯਮ
Sunday, Aug 06, 2017 - 03:45 PM (IST)

ਨਵੀਂ ਦਿੱਲੀ— ਹੁਣ ਪੈਨਸ਼ਨ ਸ਼ੁਰੂ ਕਰਾਉਣ ਲਈ ਸਰਕਾਰੀ ਕਰਮਚਾਰੀਆਂ ਨੂੰ ਬੈਂਕਾਂ ਦੇ ਵਾਰ-ਵਾਰ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ। ਕੇਂਦਰੀ ਕਰਮਚਾਰੀ ਦੀ ਪੈਨਸ਼ਨ ਨਾਲ ਜੁੜੇ ਮਾਮਲਿਆਂ ਨੂੰ ਦੇਖਣ ਵਾਲੇ ਕਰਮਚਾਰੀ ਮੰਤਰਾਲੇ ਮੁਤਾਬਕ, ਰਿਟਾਇਰਮੈਂਟ ਦੇ ਸਮੇਂ ਹੀ ਕਰਮਚਾਰੀ ਦੇ ਪੈਨਸ਼ਨ ਪੇਮੈਂਟ ਆਰਡਰ (ਪੀ. ਪੀ. ਓ.) ਦੀ ਕਾਪੀ ਬੈਂਕਾਂ ਨੂੰ ਦੇ ਦਿੱਤੀ ਜਾਵੇਗੀ। ਮੰਤਰਾਲੇ ਨੇ ਇਸ ਹੁਕਮ ਦੀ ਜਾਣਕਾਰੀ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਨੂੰ ਦੇ ਦਿੱਤੀ ਹੈ। ਇਸ ਤਹਿਤ ਰਿਟਾਇਰ ਹੋਣ ਵਾਲਾ ਸਰਕਾਰੀ ਕਰਮਚਾਰੀ ਜਾਂ ਪੈਨਸ਼ਨ ਧਾਰਕ ਵੀ ਬੈਂਕ ਕੋਲ ਆਪਣੀ ਪੈਨਸ਼ਨ ਸ਼ੁਰੂ ਕਰਨ ਲਈ ਕਹਿ ਸਕੇਗਾ। ਪੀ. ਪੀ. ਓ. ਦੀ ਜੋ ਕਾਪੀ ਬੈਂਕ ਨੂੰ ਭੇਜੀ ਜਾਵੇਗੀ ਉਸ ਦੀ ਇਕ ਕਾਪੀ ਕਰਮਚਾਰੀ ਨੂੰ ਵੀ ਰਿਟਾਇਰਮੈਂਟ ਦੇ ਸਮੇਂ ਦਿੱਤੀ ਜਾਵੇਗੀ।
ਜੇਕਰ ਇਸ ਦੀ ਕਾਪੀ ਬੈਂਕ ਨਹੀਂ ਵੀ ਪਹੁੰਚੀ ਤਾਂ ਕਰਮਚਾਰੀ ਆਪਣੀ ਕਾਪੀ ਦੇ ਆਧਾਰ 'ਤੇ ਪੈਨਸ਼ਨ ਸ਼ੁਰੂ ਕਰਾ ਸਕਣਗੇ। ਰਿਟਾਇਰ ਹੋਣ ਵਾਲੇ ਕਰਮਚਾਰੀਆਂ ਨੂੰ ਸੇਵਾਮੁਕਤੀ ਦੇ ਸਮੇਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਹੋਵੇ ਇਸ ਲਈ ਸਰਕਾਰ ਨੇ ਜ਼ਰੂਰੀ ਨਿਯਮਾਂ 'ਚ 1 ਅਗਸਤ ਤੋਂ ਬਦਲਾਅ ਕੀਤਾ ਹੈ। ਇਸ ਤਹਿਤ ਜਿੱਥੇ 'ਸੈਂਟਰਲ ਪੈਨਸ਼ਨ ਅਕਾਊਂਟਿੰਗ ਆਫਿਸ' ਪੀ. ਪੀ. ਓ. ਦੀ ਇਕ ਕਾਪੀ ਬੈਂਕ ਨੂੰ ਦੇਵੇਗਾ, ਉੱਥੇ ਹੀ, ਦੂਜੀ ਕਾਪੀ ਹੋਰ ਦਸਤਾਵੇਜ਼ਾਂ ਨਾਲ ਸੇਵਾਮੁਕਤ ਹੋਣ ਵਾਲੇ ਕਰਮਚਾਰੀ ਨੂੰ ਦਿੱਤੀ ਜਾਵੇਗੀ। ਹਾਲ ਹੀ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚ ਪੈਨਸ਼ਨ ਧਾਰਕ ਨੂੰ ਪੀ. ਪੀ. ਓ. ਦੀ ਕਾਪੀ ਨਹੀਂ ਮਿਲੀ ਅਤੇ ਜੋ ਕਾਪੀ ਬੈਂਕ ਨੂੰ ਭੇਜੀ ਗਈ ਉਹ ਖੋਹ ਗਈ। ਇਸ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਕਈ ਵਾਰ ਬੈਂਕਾਂ ਦੇ ਚੱਕਰ ਲਾਉਣੇ ਪੈਂਦੇ ਸਨ।