ਬੈਂਕਾਂ ਦੀ ਹੜਤਾਲ, ਇਸ ਦਿਨ ਗਾਹਕਾਂ ਨੂੰ ਹੋ ਸਕਦੀ ਹੈ ਵੱਡੀ ਪ੍ਰੇਸ਼ਾਨੀ!

10/17/2019 10:42:24 AM

ਨਵੀਂ ਦਿੱਲੀ— ਦੀਵਾਲੀ ਤੋਂ ਠੀਕ ਪਹਿਲਾਂ ਬੈਂਕਾਂ 'ਚ ਹੜਤਾਲ ਕਾਰਨ ਗਾਹਕ ਸਰਵਿਸ ਪ੍ਰਭਾਵਿਤ ਹੋ ਸਕਦੀ ਹੈ। 10 ਬੈਂਕਾਂ ਦੇ ਰਲੇਵੇਂ ਦੇ ਵਿਰੋਧ 'ਚ 22 ਅਕਤੂਬਰ ਨੂੰ ਇਹ ਹੜਤਾਲ ਸੱਦੀ ਗਈ ਹੈ। ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ (ਏ. ਆਈ. ਬੀ. ਈ. ਏ.) ਅਤੇ ਭਾਰਤੀ ਬੈਂਕ ਕਰਮਚਾਰੀ ਸੰਘ (ਬੀ. ਈ. ਐੱਫ. ਆਈ.) ਵੱਲੋਂ ਬੁਲਾਈ ਗਈ ਇਸ ਹੜਤਾਲ ਨੂੰ ਸਰਬ ਭਾਰਤੀ ਟਰੇਡ ਯੂਨੀਅਨ ਕਾਂਗਰਸ (ਏ. ਆਈ. ਟੀ. ਯੂ. ਸੀ.) ਨੇ ਵੀ ਸਮਰਥਨ ਦਿੱਤਾ ਹੈ।


ਬੜੌਦਾ ਬੈਂਕ ਪਹਿਲਾਂ ਹੀ ਖਦਸ਼ਾ ਜਤਾ ਚੁੱਕਾ ਹੈ ਕਿ ਪ੍ਰਸਤਾਵਿਤ ਹੜਤਾਲ ਕਾਰਨ ਉਸ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ, ਬੈਂਕ ਨੇ ਭਰੋਸਾ ਵੀ ਦਿੱਤਾ ਹੈ ਕਿ ਉਹ ਹੜਤਾਲ ਵਾਲੇ ਦਿਨ ਬੈਂਕ ਦੀਆਂ ਬਰਾਂਚਾਂ 'ਚ ਸੁਚਾਰੂ ਕੰਮਕਾਜ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ।

ਹੜਤਾਲ ਕਾਰਨ ਸਰਕਾਰੀ ਬੈਂਕਾਂ ਦੇ ਗਾਹਕਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਹਾਲ ਹੀ 'ਚ 10 ਜਨਤਕ ਬੈਂਕਾਂ ਨੂੰ ਮਿਲਾ ਕੇ ਨਾਲ 4 ਵੱਡੇ ਬੈਂਕ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਬੈਂਕ ਕਰਮਚਾਰੀ ਇਸ ਦਾ ਵਿਰੋਧ ਕਰ ਰਹੇ ਹਨ। ਸੰਗਠਨਾਂ ਦਾ ਕਹਿਣਾ ਹੈ ਕਿ ਪਹਿਲਾਂ ਭਾਰਤੀ ਸਟੇਟ ਬੈਂਕ ਤੇ ਬੜੌਦਾ ਬੈਂਕ 'ਚ ਰਲੇਵੇਂ ਹੋਏ ਹਨ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਦੇ ਸਕਾਰਾਤਮਕ ਨਤੀਜੇ ਆਏ ਹਨ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਮਗਰੋਂ ਹੁਣ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ ਓਰੀਐਂਟਲ ਬੈਂਕ ਤੇ ਯੂਨਾਈਟਡ ਬੈਂਕ ਦਾ ਰਲੇਵਾਂ ਹੋਣ ਜਾ ਰਿਹਾ ਹੈ। ਕੇਨਰਾ ਤੇ ਸਿੰਡੀਕੇਟ ਬੈਂਕ ਇਕ ਹੋਣਗੇ। ਯੂਨੀਅਨ ਬੈਂਕ 'ਚ ਕਾਰਪੋਰੇਸ਼ਨ ਬੈਂਕ ਅਤੇ ਆਂਧਰਾ ਬੈਂਕ ਨੂੰ ਮਿਲਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇੰਡੀਅਨ ਬੈਂਕ 'ਚ ਇਲਾਹਾਬਾਦ ਬੈਂਕ ਦਾ ਰਲੇਵਾਂ ਹੋਵੇਗਾ।


Related News