ਬੈਂਕ ਲੋਨ ਗਾਹਕਾਂ ਲਈ ਗੁੱਡ ਨਿਊਜ਼, EMI ''ਤੇ ਮਿਲੀ ਵੱਡੀ ਸੌਗਾਤ

12/10/2019 3:05:25 PM

ਮੁੰਬਈ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਬੈਂਕ ਆਫ ਇੰਡੀਆ (ਬੀ. ਓ. ਆਈ.) ਤੇ ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਨੇ ਮਾਰਜਨਲ ਕਾਸਟ ਲੈਂਡਿੰਗ ਰੇਟ (ਐੱਮ. ਸੀ. ਐੱਲ. ਆਰ.) 'ਤੇ ਆਧਾਰਿਤ ਕਰਜ਼ ਦਰਾਂ 'ਚ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਐੱਮ. ਸੀ. ਐੱਲ. ਆਰ. ਲਿੰਕਡ ਹੋਮ, ਕਾਰ ਤੇ ਹੋਰ ਪ੍ਰਚੂਨ ਲੋਨ ਸਸਤੇ ਹੋ ਗਏ ਹਨ। ਇੱਥੇ ਖਾਸ ਗੱਲ ਇਹ ਹੈ ਕਿ ਬੈਂਕਾਂ ਨੇ ਲੋਨ ਦਰਾਂ 'ਚ ਕਮੀ ਉਸ ਵਕਤ ਕੀਤੀ ਹੈ, ਜਦੋਂ ਪਿਛਲੇ ਵੀਰਵਾਰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰੇਪੋ ਰੇਟ 'ਚ ਕੋਈ ਬਦਲਾਵ ਨਾ ਕਰਦੇ ਹੋਏ ਇਸ ਨੂੰ 5.15 ਫੀਸਦੀ 'ਤੇ ਬਰਕਰਾਰ ਰਹਿਣ ਦਿੱਤਾ ਸੀ। ਇਹ ਉਹ ਦਰ ਹੈ ਜਿਸ 'ਤੇ ਆਰ. ਬੀ. ਆਈ. ਵਪਾਰਕ ਬੈਂਕਾਂ ਨੂੰ ਰੋਜ਼ਾਨਾ ਦੀ ਜ਼ਰੂਰਤ ਲਈ ਉਧਾਰ ਦਿੰਦਾ ਹੈ।


ਭਾਰਤੀ ਸਟੇਟ ਬੈਂਕ ਨੇ ਇਕ ਸਾਲਾ MCLR ਦਰ 'ਚ 0.10 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਨਾਲ ਉਸ ਦੀ ਇਹ ਦਰ 8 ਫੀਸਦੀ ਤੋਂ ਘੱਟ ਕੇ 7.90 ਫੀਸਦੀ ਸਾਲਾਨਾ ਹੋ ਗਈ ਹੈ। ਇਸ ਵਿੱਤੀ ਸਾਲ 'ਚ ਐੱਸ. ਬੀ. ਆਈ. ਵੱਲੋਂ ਐੱਮ. ਸੀ. ਐੱਲ. ਆਰ. 'ਚ ਇਹ ਲਗਾਤਾਰ ਅੱਠਵੀਂ ਕਟੌਤੀ ਹੈ।

ਉੱਥੇ ਹੀ, ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਨੇ ਐੱਮ. ਸੀ. ਐੱਲ. ਆਰ. 'ਚ 0.15 ਫੀਸਦੀ ਦੀ ਕਮੀ ਕੀਤੀ ਹੈ। ਇਸ ਨਾਲ ਉਸ ਦੀ ਇਕ ਸਾਲ ਵਾਲੀ ਐੱਮ. ਸੀ. ਐੱਲ. ਆਰ. ਦਰ 8.30 ਤੋਂ ਘੱਟ ਕੇ 8.15 ਫੀਸਦੀ 'ਤੇ ਆ ਗਈ ਹੈ। ਪਿਛਲੇ ਮਹੀਨੇ ਐੱਚ. ਡੀ. ਐੱਫ. ਸੀ. ਬੈਂਕ ਨੇ ਐੱਮ. ਸੀ. ਐੱਲ. ਆਰ. ਦਰਾਂ 'ਚ 0.10 ਫੀਸਦੀ ਦੀ ਕਟੌਤੀ ਕੀਤੀ ਸੀ। ਇਸ ਵਿਚਕਾਰ, ਜਨਤਕ ਖੇਤਰ ਦੇ ਬੈਂਕ ਆਫ ਇੰਡੀਆ (ਬੀ. ਓ. ਆਈ.) ਨੇ ਵੀ ਐੱਮ. ਸੀ. ਐੱਲ. ਆਰ. 'ਤੇ ਆਧਰਿਤ ਕਰਜ਼ ਦਰਾਂ 'ਚ 0.20 ਫੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ, ਜੋ 10 ਦਸੰਬਰ ਤੋਂ ਪ੍ਰਭਾਵੀ ਹੋ ਗਈ ਹੈ। ਬੀ. ਓ. ਆਈ. ਨੇ ਓਵਰਨਾਈਟ ਲੋਨ ਦਰਾਂ 'ਚ 0.20 ਫੀਸਦੀ, ਜਦੋਂ ਕਿ ਹੋਰ ਦਰਾਂ 'ਚ 0.10 ਫੀਸਦੀ ਦੀ ਕਟੌਤੀ ਕੀਤੀ ਹੈ। ਬੈਂਕ ਵੱਲੋਂ ਇਕ ਸਾਲ ਦੇ ਐੱਮ. ਸੀ. ਐੱਲ. ਆਰ. ਦੀ ਦਰ 8.30 ਫੀਸਦੀ ਤੋਂ ਘਟਾ ਕੇ 8.20 ਫੀਸਦੀ ਕੀਤੀ ਗਈ ਹੈ। ਲਗਭਗ ਸਾਰੇ ਰਿਟੇਲ ਲੋਨ ਇਕ ਸਾਲ ਦੀ ਐੱਮ. ਸੀ. ਐੱਲ. ਆਰ. ਦਰ ਨਾਲ ਲਿੰਕਡ ਹੁੰਦੇ ਹਨ, ਯਾਨੀ ਇਸ 'ਚ ਕਟੌਤੀ ਨਾਲ ਲੋਨ ਗਾਹਕਾਂ ਦੀ ਈ. ਐੱਮ. ਆਈ. 'ਚ ਕਮੀ ਹੋਵੇਗੀ ਤੇ ਨਾਲ ਹੀ ਨਵਾਂ ਲੋਨ ਵੀ ਸਸਤਾ ਹੋਵੇਗਾ।