ਬੈਂਕ ਆਫ ਬੜੌਦਾ ਨੇ ਕੀਤੀ ਵਿਆਜ ਦਰਾਂ ''ਚ ਕਟੌਤੀ, ਹੋਮ ਅਤੇ ਆਟੋ ਲੋਨ ਹੋਵੇਗਾ ਸਸਤਾ

08/06/2019 5:31:47 PM

ਨਵੀਂ ਦਿੱਲੀ — ਜੇਕਰ ਤੁਸੀਂ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਬੈਂਕ ਆਫ ਬੜੌਦਾ ਇਕ ਖਾਸ ਤੌਹਫਾ ਦੇਣ ਜਾ ਰਿਹਾ ਹੈ। ਬੈਂਕ ਵਲੋਂ ਮਾਰਜਨਲ ਕਾਸਟ ਆਫ ਲੈਂਡਿੰਗ ਰੇਟ(MCLR) 'ਚ 0.15 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਬੈਂਕ ਦੇ ਇਸ ਫੈਸਲੇ ਤੋਂ ਬਾਅਦ ਹੋਮ ਅਤੇ ਆਟੋ ਲੋਨ ਸਸਤੇ ਹੋ ਜਾਣਗੇ।

ਬੈਂਕ ਵਲੋਂ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਮੁਦਰਾ ਸਮੀਖਿਆ ਬੈਠਕ ਚਲ ਰਹੀ ਹੈ। ਬੀਤੇ 5 ਅਗਸਤ ਤੋਂ ਸ਼ੁਰੂ ਹੋਈ ਇਸ ਬੈਠਕ 'ਚ ਰਿਜ਼ਰਵ ਬੈਂਕ ਇਕ ਵਾਰ ਫਿਰ ਰੈਪੋ ਰੇਟ ਵਿਚ ਕਟੌਤੀ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਤੀਜੀ ਵਾਰ ਹੋਵੇਗਾ ਜਦੋਂ ਰੈਪੋ ਰੇਟ ਵਿਚ ਕਟੌਤੀ ਦੇਖਣ ਨੂੰ ਮਿਲੇਗੀ। ਜ਼ਿਕਰਯੋਗ ਹੈ ਕਿ ਰੈਪੋ ਰੇਟ ਦੇ ਆਧਾਰ 'ਤੇ ਹੀ ਬੈਂਕ ਵਿਆਜ ਦਰਾਂ ਵਿਚ ਬਦਲਾਅ ਕਰਦੇ ਹਨ।

ਕਿੰਨਾ ਸਸਤਾ ਹੋਇਆ ਲੋਨ

ਬੈਂਕ ਆਫ ਬੜੌਦਾ ਦੇ ਇਸ ਫੈਸਲੇ ਤੋਂ ਬਾਅਦ ਹੁਣ 1 ਸਾਲ ਦੀ ਮਿਆਦ ਵਾਲੇ ਕਰਜ਼ੇ ਲਈ MCLR ਦੀ ਦਰ 8.45 ਫੀਸਦੀ ਹੋ ਜਾਵੇਗੀ। ਇਸ ਤੋਂ ਪਹਿਲਾਂ MCLR ਦੀ ਦਰ 8.60 ਫੀਸਦੀ ਸੀ। ਇਸ ਤਰ੍ਹਾਂ ਨਾਲ ਬੈਂਕ ਦੇ ਇਕ ਦਿਨ ਦੀ ਮਿਆਦ ਵਾਲੇ ਲੋਨ 'ਤੇ ਵਿਆਜ ਦਰ ਘੱਟ ਕੇ 8.05 ਫੀਸਦੀ ਹੋ ਜਾਵੇਗੀ। ਇਸ ਦੇ ਨਾਲ ਹੀ ਇਕ ਮਹੀਨੇ ਦੇ ਲੋਨ 'ਤੇ MCLR ਦੀ ਦਰ 8.15 ਫੀਸਦੀ ਹੋ ਗਈ ਹੈ। ਬੈਂਕ ਦੇ ਤਿੰਨ ਮਹੀਨੇ ਅਤੇ 6 ਮਹੀਨੇ ਦੀ ਮਿਆਦ ਵਾਲੇ ਲੋਨ 'ਤੇ ਵਿਆਜ ਦਰ 0.15 ਫੀਸਦੀ ਘੱਟ ਕੇ ਕ੍ਰਮਵਾਰ 8.25 ਫੀਸਦੀ ਅਤੇ 8.40 ਫੀਸਦੀ ਰਹਿ ਗਈ ਹੈ। 

ਜ਼ਿਕਰਯੋਗ ਹੈ ਕਿ ਬਾਕੀ ਸਰਕਾਰੀ ਬੈਂਕ ਯੂਨੀਅਨ ਬੈਂਕ ਆਫ ਇੰਡੀਆ ਨੇ ਵੀ ਵੱਖ-ਵੱਖ ਮਿਆਦ ਦੇ ਕਰਜ਼ੇ 'ਤੇ MCLR 'ਚ 0.20 ਫੀਸਦੀ ਦੀ ਕਟੌਤੀ ਕੀਤੀ ਸੀ। ਬੈਂਕ ਨੇ ਇਕ ਸਾਲ ਦੀ MCLR ਨੂੰ 8.55 ਤੋਂ ਘਟਾ ਕੇ 8.50 ਫੀਸਦੀ ਕੀਤਾ। ਇਕ ਮਹੀਨੇ ਦੀ MCLR ਨੂੰ ਵੀ 8.30 ਤੋਂ ਘਟਾ ਕੇ 8.10 ਫੀਸਦੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਤਿੰਨ ਮਹੀਨੇ ਅਤੇ 6 ਮਹੀਨੇ ਦੀ ਗੱਲ ਕਰੀਏ ਤਾਂ MCLR 'ਚ 0.10 ਫੀਸਦੀ ਦੀ ਕਟੌਤੀ ਕੀਤੀ ਗਈ ਹੈ।