ਬੈਂਕ ਆਫ ਬੜੌਦਾ ਤੇ ਯੂਨੀਅਨ ਬੈਂਕ ਦੇ ਖਾਤਾਧਾਰਕਾਂ ਲਈ ਖੁਸ਼ਖ਼ਬਰੀ, MCLR ਅਧਾਰਤ ਵਿਆਜ ਦਰ ਘਟਾਈ

06/11/2020 9:40:22 AM

ਮੁੰਬਈ (ਭਾਸ਼ਾ) : ਸਰਕਾਰੀ ਖੇਤਰ ਦੇ ਬੈਂਕ ਆਫ ਬੜੌਦਾ ਅਤੇ ਯੂਨੀਅਨ ਬੈਂਕ ਆਫ ਇੰਡੀਆ ਨੇ ਆਪਣੇ ਸਾਰੇ ਗਾਹਕਾਂ ਲਈ ਫੰਡ ਦੀ ਮਾਰਜਨਲ ਲਾਗਤ ਅਧਾਰਤ (ਐੱਮ.ਸੀ.ਐੱਲ.ਆਰ.) ਵਿਆਜ ਦੀਆਂ ਦਰਾਂ ਵਿਚ ਕਮੀ ਕਰਨ ਦੀ ਬੁੱਧਵਾਰ ਨੂੰ ਘੋਸ਼ਣਾ ਕੀਤੀ। ਬੈਂਕ ਆਫ ਬੜੌਦਾ ਨੇ ਐੱਮ.ਸੀ.ਐੱਲ.ਆਰ. ਵਿਚ 0.15 ਫ਼ੀਸਦੀ ਅਤੇ ਯੂਨੀਅਨ ਬੈਂਕ ਆਫ ਇੰਡੀਆ ਨੇ 0.10 ਫ਼ੀਸਦੀ ਦੀ ਕਮੀ ਕੀਤੀ ਹੈ। ਬੈਂਕ ਆਫ ਬੜੌਦਾ ਦੀ ਕਟੌਤੀ 12 ਜੂਨ ਅਤੇ ਯੂਨੀਅਨ ਬੈਂਕ ਦੀ 11 ਜੂਨ ਯਾਨੀ ਅੱਜ ਤੋਂ ਪ੍ਰਭਾਵੀ ਹੋਵੇਗੀ।

ਬੈਂਕ ਆਫ ਬੜੌਦਾ ਦੇ ਇਕ ਬਿਆਨ ਅਨੁਸਾਰ 1 ਸਾਲ ਦੇ ਕਰਜ਼ੇ ਲਈ ਉਸ ਦੀ ਸੋਧੀ ਗਈ ਐੱਮ.ਸੀ.ਐੱਲ.ਆਰ. 7.65 ਫ਼ੀਸਦੀ ਹੋਵੇਗੀ। ਅਜੇ ਇਹ 7.80 ਫ਼ੀਸਦੀ ਹੈ। ਇਸੇ ਤਰ੍ਹਾਂ ਯੂਨੀਅਨ ਬੈਂਕ ਆਫ ਇੰਡੀਆ ਨੇ 1 ਸਾਲ ਦੇ ਕਰਜ਼ੇ 'ਤੇ ਆਪਣੀ ਐੱਮ.ਸੀ.ਐੱਲ.ਆਰ. 7.70 ਫ਼ੀਸਦੀ ਤੋਂ ਘਟਾ ਕੇ 7.60 ਫ਼ੀਸਦੀ ਕਰ ਦਿੱਤੀ ਹੈ। ਬੈਂਕ ਆਪਣੇ ਜ਼ਿਆਦਾਤਰ ਕਰਜ਼ਿਆਂ 'ਤੇ ਵਿਆਜ ਦੀਆਂ ਦਰਾਂ ਐੱਮ.ਸੀ.ਐੱਲ.ਆਰ. ਦੀ 1 ਸਾਲ ਵਾਲੀ ਦਰ ਦੇ ਹਿਸਾਬ ਨਾਲ ਹੀ ਤੈਅ ਕਰਦੇ ਹਨ। ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਆਪਣੀ ਐੱਮ.ਸੀ.ਐੱਲ.ਆਰ. ਆਧਾਰਿਤ ਵਿਆਜ ਦਰ ਵਿਚ 0.25 ਫ਼ੀਸਦੀ ਦੀ ਕਮੀ ਦੀ ਘੋਸ਼ਣਾ ਕਰ ਚੁੱਕਾ ਹੈ। ਨਿੱਜੀ ਖੇਤਰ ਦੇ ਐੱਚ.ਡੀ.ਐੱਫ.ਸੀ. ਬੈਂਕ ਅਤੇ ਸਰਕਾਰੀ ਖੇਤਰ ਦੇ ਬੈਂਕ ਆਫ ਮਹਾਰਾਸ਼ਟਰ ਨੇ ਵੀ ਕਰਜ਼ ਦੀ ਆਪਣੀ ਮਿਆਰੀ ਦਰ ਵਿਚ ਕ੍ਰਮਵਾਰ  0.05 ਫ਼ੀਸਦੀ ਅਤੇ 0.20 ਫ਼ੀਸਦੀ ਦੀ ਕਮੀ ਦੀ ਘੋਸ਼ਣਾ ਕੀਤੀ ਹੈ। ਇਨ੍ਹਾਂ ਦੀਆਂ ਸੋਧੀਆਂ ਗਈਆਂ ਦਰਾਂ 8 ਜੂਨ ਤੋਂ ਪ੍ਰਭਾਵੀ ਹੋ ਗਈਆਂ ਹਨ।
ਪਿਛਲੇ ਹਫ਼ਤੇ ਪੀ.ਐੱਨ.ਬੀ. ਨੇ ਵੀ ਆਪਣੀ ਐੱਮ.ਸੀ.ਐੱਲ.ਆਰ. ਵਿਚ 0.15 ਫ਼ੀਸਦੀ ਦੀ ਕਮੀ ਕਰਨ ਦੀ ਘੋਸ਼ਣਾ ਕੀਤੀ ਸੀ। ਰਿਜ਼ਰਵ ਬੈਂਕ ਵੱਲੋਂ ਨੀਤੀਗਤ ਵਿਆਜ ਦਰ ਵਿਚ ਪ੍ਰਗਤੀਸ਼ੀਲ ਕਮੀ ਅਤੇ ਤਰਲਤਾ ਵਧਾਉਣ ਦੇ ਉਪਾਵਾਂ ਦੇ ਬਾਅਦ ਬੈਂਕਾਂ ਕੋਲ ਲੋਨ ਲਈ ਪੈਸਾ ਸਸਤਾ ਅਤੇ ਆਸਾਨ ਹੋਇਆ ਹੈ। ਬੈਂਕ ਗਾਹਕਾਂ ਦੇ ਜਮ੍ਹਾਧਨ 'ਤੇ ਵੀ ਵਿਆਜ ਘੱਟ ਕਰ ਰਹੇ ਹਨ।


cherry

Content Editor

Related News