ਸਰਜੀਕਲ ਮਾਸਕ 'ਤੇ ਲੱਗੀ ਪਾਬੰਦੀ ਹਟੀ, ਹੁਣ ਹੋ ਸਕਣਗੇ EXPORT

02/10/2020 8:47:01 AM

ਨਵੀਂ ਦਿੱਲੀ— ਸਰਕਾਰ ਨੇ ਕੁਝ ਸਰਜੀਕਲ ਮਾਸਕ ਤੇ ਦਸਤਾਨਿਆਂ ਨੂੰ ਵਰਜਿਤ ਬਰਾਮਦ ਸਾਮਾਨਾਂ ਦੀ ਸੂਚੀ ਚੋਂ ਹਟਾ ਦਿੱਤਾ ਹੈ। ਕੇਂਦਰ ਸਰਕਾਰ ਨੇ ਕੋਰੋਨੋ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਪਿਛਲੇ ਮਹੀਨੇ ਹਰ ਕਿਸਮ ਦੇ ਮਾਸਕ ਦੀ ਬਰਾਮਦ 'ਤੇ ਪਾਬੰਦੀ ਲਗਾਈ ਸੀ। ਸਰਕਾਰ ਨੇ ਨਿੱਜੀ ਸੁਰੱਖਿਆ ਲਈ ਲੋੜੀਂਦੇ ਮਾਸਕ ਦੇ ਨਾਲ-ਨਾਲ ਕੱਪੜੇ ਤੇ ਹੋਰ ਉਪਕਰਣਾਂ ਦੀ ਬਰਾਮਦ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।

 

ਦਰਅਸਲ, ਇਹ ਮਾਸਕ ਇਕ ਵਿਅਕਤੀ ਨੂੰ ਹਵਾ 'ਚ ਫੈਲਣ ਵਾਲੇ ਸੂਖਮ ਕਣਾਂ ਤੋਂ ਬਚਾਉਂਦੇ ਹਨ। ਚੀਨ 'ਚ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਦੇਸ਼ 'ਚ ਅਜਿਹੇ ਉਤਪਾਦਾਂ ਦੀ ਮੰਗ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਸੀ। ਚੀਨ 'ਚ ਮਾਰੂ ਕੋਰੋਨਾ ਵਾਇਰਸ ਕਾਰਨ 800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਰਾਮਦ 'ਤੇ ਰੋਕ ਲਾਉਣ ਦਾ ਮਤਲਬ ਇਨ੍ਹਾਂ ਹਾਲਾਤ 'ਚ ਲੋਕਲ ਸਮਾਨ ਬਾਹਰ ਨਾ ਜਾਵੇ ਯਕੀਨੀ ਬਣਾਉਣਾ ਸੀ। ਜੇਕਰ ਬਰਾਮਦ ਜਾਰੀ ਰਹਿੰਦੀ ਤਾਂ ਇਨ੍ਹਾਂ ਦਾ ਇੰਪੋਰਟ ਕਰਨਾ ਪੈਣਾ ਸੀ। ਹਾਲਾਂਕਿ ਐੱਨ-95 ਮਾਸਕ 'ਤੇ ਪਾਬੰਦੀ ਲੱਗੀ ਰਹੇਗੀ।

ਜ਼ਿਕਰਯੋਗ ਹੈ ਕਿ ਚੀਨ ’ਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਪ੍ਰਕੋਪ ਨਾਲ ਨਜਿੱਠਣ ਲਈ ਜਲਦੀ ਤੋਂ ਜਲਦੀ ਇਸ ਦਾ ਟੀਕਾ ਵਿਕਸਿਤ ਕਰਨ ਲਈ ਚਲਾਏ ਜਾ ਰਹੇ ਕਈ ਲੱਖ ਡਾਲਰ ਦੇ ਮਹੱਤਵਪੂਰਨ ਮੁਹਿੰਮ ਦੇ ਤਹਿਤ ਅਮਰੀਕਾ ਤੋਂ ਲੈ ਕੇ ਆਸਟਰੇਲੀਆ ਤੱਕ ਦੇ ਵਿਗਿਆਨੀ ਨਵੀਂ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ। ਇਹ ਨਵਾਂ ਵਾਇਰਸ ਪਿਛਲੇ ਸਾਲ ਚੀਨ ’ਚ ਸਾਹਮਣੇ ਆਉਣ ਤੋਂ ਬਾਅਦ ਬਹੁਤ ਤੇਜ਼ੀ ਨਾਲ ਫੈਲਿਆ ਹੈ, ਜਿਸ ਨਾਲ 818 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 37 ਹਜ਼ਾਰ ਤੋਂ ਵੱਧ ਲੋਕ ਇਸ ਨਾਲ ਸੰਕ੍ਰਮਿਤ ਹਨ। ਕੋਰੋਨਾ ਵਾਇਰਸ ਦੇ ਮਾਮਲੇ ਕਈ ਹੋਰ ਦੇਸ਼ਾਂ ’ਚ ਵੀ ਸਾਹਮਣੇ ਆਏ ਹਨ।