ਬਾਇਜੂ ਲਾਭ ਕਮਾਉਣ ਦੇ ਕਰੀਬ, ਕਰਜ਼ੇ ਦਾ ਮੁੱਦਾ ਹੱਲ ਹੋਣ ਦੀ ਉਮੀਦ : ਰਵਿੰਦਰਨ

06/30/2023 5:26:26 PM

ਨਵੀਂ ਦਿੱਲੀ (ਭਾਸ਼ਾ) – ਮੁਸ਼ਕਲਾਂ ’ਚ ਫਸੀ ਸਿੱਖਿਆ-ਤਕਨਾਲੋਜੀ ਕੰਪਨੀ ਬਾਇਜੂ ਦੇ ਮੁੱਖ ਕਾਰਜਕਾਰੀ ਅਧਿਕਾਰੀ ਬਾਇਜੂ ਰਵਿੰਦਰਨ ਨੇ ਕਿਹਾ ਕਿ ਕੰਪਨੀ ਹੌਲੀ ਰਫਤਾਰ ਦੇ ਬਾਵਜੂਦ ਟਿਕਾਊ ਅਤੇ ਭਰੋਸੇਮੰਦ ਰੂਪ ਨਾਲ ਅੱਗੇ ਵਧ ਰਹੀ ਹੈ ਅਤੇ ਲਾਭ ਕਮਾਉਣ ਦੇ ਕਰੀਬ ਪਹੁੰਚ ਚੁੱਕੀ ਹੈ। ਰਵਿੰਦਰਨ ਨੇ ਬਾਇਜੂ ਨੂੰ ਲੈ ਕੇ ਪਿਛਲੇ ਕੁੱਝ ਸਮੇਂ ’ਚ ਪੈਦਾ ਹੋਏ ਖਦਸ਼ਿਆਂ ਨੂੰ ਦਰਕਿਨਾਰ ਕਰਨ ਲਈ ਆਯੋਜਿਤ ਇਕ ‘ਟਾਊਨਹਾਲ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੰਪਨੀ ਦੇ ਵਾਧੇ ਅਤੇ ਭਵਿੱਖ ਨਾਲ ਜੁੜੇ ਮੁੱਦਿਆਂ ’ਤੇ ਵੀ ਰਾਏ ਰੱਖੀ। ਇਸ ਪ੍ਰੋਗਰਾਮ ’ਚ ਮੌਜੂਦ ਰਹੇ ਸੂਤਰਾਂ ਮੁਤਾਬਕ ਰਵਿੰਦਰਨ ਨੇ ਕਿਹਾ ਕਿ ਕੰਪਨੀ ਨੂੰ 1.2 ਅਰਬ ਡਾਲਰ ਦਾ ਟਰਮ ਲੋਨ ਦੇਣ ਵਾਲੇ ਕਰਜ਼ਦਾਤਿਆਂ ਨਾਲ ਜਾਰੀ ਵਿਵਾਦ ਗੱਲਬਾਤ ਰਾਹੀਂ ਹੱਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅਗਲੇ ਕੁੱਝ ਹਫਤਿਆਂ ’ਚ ਹੀ ਇਸ ’ਤੇ ਕੋਈ ਹਾਂਪੱਖੀ ਨਤੀਜਾ ਆਉਣ ਦੀ ਉਮੀਦ ਪ੍ਰਗਟਾਈ। ਇਕ ਸੂਤਰ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਕੰਪਨੀ ਸਮੂਹ ਦੇ ਪੱਧਰ ’ਤੇ ਲਾਭ ਕਮਾਉਣ ਦੀ ਸਥਿਤੀ ’ਚ ਪਹੁੰਚਣ ਵਾਲੀ ਹੈ। ਗਲੋਬਲ ਪੱਧਰ ’ਤੇ ਪ੍ਰਤੀਕੂਲ ਹਾਲਾਤ ਦਾ ਸਾਹਮਣਾ ਕਰਨ ਦੇ ਬਾਵਜੂਦ ਬਾਇਜੂ ਨੇ ਇਸ ਦਿਸ਼ਾ ’ਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਕੰਪਨੀ ਨੇ ਪਹਿਲਾਂ ਮਾਰਚ 2023 ਤੱਕ ਹੀ ਲਾਭ ਦੀ ਸਥਿਤੀ ’ਚ ਪਹੁੰਚਣ ਦਾ ਟੀਚਾ ਰੱਖਿਆ ਸੀ ਪਰ ਕੋਵਿਡ-19 ਮਹਾਮਾਰੀ ਤੋਂ ਬਾਅਦ ਕਾਰੋਬਾਰ ’ਚ ਨਰਮੀ ਆਉਣ ਕਾਰਣ ਇਸ ਨੂੰ ਹਾਸਲ ਨਹੀਂ ਕਰ ਸਕੀ। ਕੰਪਨੀ ਦੇ ਸਹਿ-ਸੰਸਥਾਪਕ ਰਵਿੰਦਰਨ ਨੇ ਕਿਹਾ ਕਿ ਕੰਪਨੀ ਹੁਣ ਹੌਲੀ ਰਫਤਾਰ ਪਰ ਟਿਕਾਊ ਅਤੇ ਭਰੋਸੇਮੰਦ ਤੌਰ ’ਤੇ ਅੱਗੇ ਵਧ ਰਹੀ ਹੈ ਅਤੇ ਇਸ ਦੇ ਜ਼ਿਆਦਾਤਰ ਕਾਰੋਬਾਰੀ ਸੈਗਮੈਂਟ ਤੁਲਣਾਤਮਕ ਤੌਰ ’ਤੇ ਚੰਗੀ ਸਥਿਤੀ ’ਚ ਹਨ।

Harinder Kaur

This news is Content Editor Harinder Kaur