ਜਿਓ ਗਾਹਕਾਂ ’ਤੇ ਭਾਰੀ ਪੈ ਸਕਦੀ ਹੈ ਏਅਰਟੈੱਲ ਦੀ ਇਹ ਮੰਗ, ਜਾਣੋ ਪੂਰਾ ਮਾਮਲਾ

10/22/2019 11:06:55 AM

ਗੈਜੇਟ ਡੈਸਕ– ਇੰਟਰਕੁਨੈਕਸ਼ਨ ਯੂਸੇਜ਼ ਚਾਰਜਿਸ (ਆਈ.ਯੂ.ਸੀ.) ’ਤੇ ਟੈਲੀਕਾਮ ਬਾਜ਼ਾਰ ’ਚ ਛਿੜੇ ਘਮਾਸਾਨ ਦੇ ਵਿਚਕਾਰ ਭਾਰਤੀ ਏਅਰਟੈੱਲ ਨੇ ਟੈਲੀਕਾਮ ਰੈਗੁਲੇਟਰ ਨੂੰ ਆਈ.ਯੂ.ਸੀ. ਖਤਮ ਕਰਨ ਦਾ ਸਮਾਂ ਵਧਾਉਣ ਲਈ ਕਿਹਾ ਹੈ। ਏਅਰਟੈੱਲ ਦੀ ਮੰਗ ਹੈ ਕਿ ਆੀ.ਯੂ.ਸੀ. ਚਾਰਜ ਨੂੰ ਸਾਰੇ ਟੈਲੀਕਾਮ ਆਪਰੇਟਰਾਂ ਲਈ ਘੱਟੋ-ਘੱਟ ਤਿੰਨ ਸਾਲ ਤਕ ਜਾਰੀ ਰੱਖਿਆ ਜਾਵੇ। ਪਹਿਲਾਂ ਇਸ ਦੀ ਡੈੱਡਲਾਈਨ 2020 ਸੀ ਅਤੇ ਜਨਵਰੀ, 2020 ਤੋਂ ਇਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਣਾ ਸੀ। ਏਅਰਟੈੱਲ ਦਾ ਕਹਿਣਾ ਹੈ ਕਿ ਨੈੱਟਵਰਕਸ ਦੇ ਵਿਚਕਾਰ ਟ੍ਰੈਫਿਕ ਦਾ ਸੰਤੁਲਨ ਹੁਣ ਤਕ ਨਹੀਂ ਮਿਲ ਸਕਿਆ ਹੈ ਕਿਉਂਕਿ 40 ਕਰੋੜ ਤਕ ਮੋਬਾਇਲ ਯੂਜ਼ਰਜ਼ ਹੁਣ ਵੀ 2ਜੀ ਨੈੱਟਵਰਕਸ ਦਾ ਇਸਤੇਮਾਲ ਕਰ ਰਹੇ ਹਨ। 

ਏਅਰਟੈੱਲ ਨੇ ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੂੰ ਕਿਹਾ ਕਿ ਲੰਡਨ ਦੇ GSMA ਨੇ ਅਨੁਮਾਨ ਲਗਾਇਆ ਹੈ ਕਿ 2025 ਤਕ ਵੀ 12-13 ਫੀਸਦੀ ਭਾਰਤੀ ਗਾਹਕ 2ਜੀ ਹੈਂਡਸੈੱਟਸ ਇਸਤੇਮਾਲ ਕਰ ਰਹੇ ਹੋਣਗੇ। ਅਜਿਹੇ ’ਚ ਏਅਰਟੈੱਲ ਜ਼ੀਰੋ ਆਈ.ਯੂ.ਸੀ. ਚਾਰਜਿਸ ਦੀ ਬਜਾਏ ਮੌਜੂਦਾ ਸਕੀਮ ਨੂੰ ਲਾਗੂ ਰੱਖਾਉਣਾ ਚਾਹੁੰਦੀ ਹੈ। ਏਅਰਟੈੱਲ ਨੇ ਕਿਹਾ ਕਿ 4ਜੀ ਆਪਰੇਟਰਾਂ ਵਲੋਂ ਮਿਲ ਰਿਹਾ ਟ੍ਰੈਫਿਕ ਮੈਗਨੀਟਿਊਡ ਅਤੇ ਪਰਸੈਂਟੇਜ ਦੋਵਾਂ ਲਿਹਾਜ ਨਾਲ ਜਿਥੇ ਹਾਈ ਹੈ, ਉਥੇ ਹੀ ਟ੍ਰੈਫਿਕ ਸਿਮਿਟ੍ਰੀ ਜਾਂ ਸੰਤੁਲਨ ਹੁਣ ਤਕ ਨਹੀਂ ਮਿਲ ਸਕਿਆ। ਭਾਰਤ ਦਾ ਸਭ ਤੋਂ ਵੱਡਾ 4ਜੀ ਨੈੱਟਵਰਕ ਰਿਲਾਇੰਸ ਜਿਓ ਏਅਰਟੈੱਲ ਦੀ ਇਸ ਮੰਗ ਦਾ ਵਿਰੋਧ ਕਰ ਰਿਹਾ ਹੈ ਅਤੇ ਆੀ.ਯੂ.ਸੀ. ਨੂੰ ਖਤਮ ਕਰਾਉਣਾ ਚਾਹੁੰਦਾ ਹੈ। 

ਜਿਓ ’ਤੇ ਅਲੱਗ ਤੋਂ IUC ਚਾਰਜ
ਰਿਲਾਇੰਸ ਜਿਓ ਵੱਡੇ ਯੂਜ਼ਰਬੇਸ ਦੇ ਚੱਲਦੇ ਪੈਣ ਵਾਲੇ ਦਬਾਅ ਦਾ ਹਵਾਲਾ ਦੇ ਕੇ ਆਪਣੇ ਗਾਹਕਾਂ ਤੋਂ ਦੂਜੇ ਨੈੱਟਵਰਕਸ ’ਤੇ ਕਾਲਿੰਗ ਲਈ ਅਲੱਗ ਤੋਂ ਆਈ.ਯੂ.ਸੀ. ਚਾਰਜ ਲੈਣ ਜਾ ਰਿਹਾ ਹੈ। ਇਸ ਲਈ ਜਿਓ ਗਾਹਕਾਂ ਨੂੰ ਪਹਿਲਾਂ ਤੋਂ ਮਿਲਣ ਵਾਲੇ ਪਲਾਨਸ ਤੋਂ ਇਲਾਵਾ ਆਈ.ਯੂ.ਸੀ. ਟਾਪ-ਅਪ ਵਾਊਚਰ ਤੋਂ ਰੀਚਾਰਜ ਕਰਾਉਣਾ ਹੋਵੇਗਾ। ਆਈ.ਯੂ.ਸੀ. ਨੂੰ ਸਾਧਾਰਣ ਭਾਸ਼ਾ ’ਚ ਸਮਝੀਓ ਤਾਂ ਆਊਟਗੋਇੰਗ ਕਾਲ ਕਰਨ ਵਾਲਾ ਆਪਰੇਟਰ ਕਾਲ ਰਿਸੀਵ ਕਰਨ ਵਾਲੇ ਆਪਰੇਟਰ ਨੂੰ ਇਹ ਚਾਰਜ ਦਿੰਦਾ ਹੈ। ਟਰਾਈ ਨੇ ਇਸ ਦੀ ਦਰ 6 ਪੈਸੇ ਪ੍ਰਤੀ ਮਿੰਟ ਤੈਅ ਕੀਤੀ ਹੈ। ਇਸ ਲਈ ਜਿਓ ਮੇਨ-ਪਲਾਨ ਦੇ ਨਾਲ ਹੀ ਆਈ.ਯੂ.ਸੀ. ਕੰਬੋ ਦੇਣ ਵਾਲੇ ਕਈ ਪਲਾਨ ਲੈ ਕੇ ਆਇਆ ਹੈ। 

ਜਿਓ ਗਾਹਕਾਂ ਨੂੰ ਨੁਕਸਾਨ
ਏਅਰਟੈੱਲ ਜਿਓ ਵਲੋਂ ਅਲੱਗ ਤੋਂ ਆਈ.ਯੂ.ਸੀ. ਚਾਰਜ ਲਏ ਜਾਣ ਨੂੰ ਆਪਣੇ ਲਈ ਇਕ ਮੌਕੇ ਦੀ ਤਰ੍ਹਾਂ ਦੇਖ ਰਹੀ ਹੈ ਅਤੇ ਗਾਹਕਾਂ ਨੂੰ ਲੁਭਾ ਰਹੀ ਹੈ। ਫਿਲਹਾਲ, ਜਿਓ ਹੀ ਇਕੱਲਾ ਅਜਿਹਾ ਨੈੱਟਵਰਕ ਹੈ ਜੋ ਦੂਜੇ ਨੈੱਟਵਰਕਸ ’ਤੇ ਕਾਲਿੰਗ ਲਈ ਗਾਹਕਾਂ ਨੂੰ ਅਲੱਗ ਤੋਂ ਚਾਰਜ ਕਰ ਰਿਹਾ ਹੈ। ਏਅਰਟੈੱਲ ਦਾ ਕਹਿਣਾ ਹੈ ਕਿ ਗਾਹਕਾਂ ਲਈ ਦੂਜੇ ਨੈੱਟਵਰਕਸ ’ਤੇ ਕਾਲਿੰਗ ਕਰਨਾ ਆਈ.ਪੀ.-ਬੇਸਡ ਟੈਕਨਾਲੋਜੀ ਦੇ ਚੱਲਦੇ 6 ਪੈਸੇ ਪ੍ਰਤੀ ਮਿੰਟ ਤੋਂ ਜ਼ਿਆਦਾ ਮਹਿੰਗਾ ਹੈ, ਅਜਿਹੇ ’ਚ ਆਈ.ਯੂ.ਸੀ. ਨੂੰ ਖਤਮ ਨਹੀਂ ਕੀਤਾ ਜਾਣਾ ਚਾਹੀਦਾ। ਉਥੇ ਹੀ ਜਿਓ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਸਿਰਫ ਉਦੋਂ ਤਕ ਹੀ ਆਈ.ਯੂ.ਸੀ. ਪੈਕ ਤੋਂ ਰੀਚਾਰਜ ਕਰਵਾਉਣਾ ਹੋਵੇਗਾ, ਜਦੋਂ ਤਕ ਟਰਾਈ ਇਸ ਨੂੰ ਖਤਮ ਨਹੀਂ ਕਰ ਦਿੰਦਾ। ਜਿਓ ਅਤੇ ਏਅਰਟੈੱਲ ਦੀ ਮੁਕਾਬਲੇਬਾਜ਼ੀ ਵਿਚਕਾਰ ਆਈ.ਯੂ.ਸੀ. ਨੂੰ ਖਤਮ ਕਰਨ ਜਾਂ ਨਾ ਕਰਨ ਦੀ ਖਿੱਚੋਤਾਨ ਦਾ ਅਸਰ ਜਿਓ ਗਾਹਕਾਂ ’ਤੇ ਜ਼ਰੂਰੀ ਪਵੇਗਾ ਕਿਉਂਕਿ ਉਨ੍ਹਾਂ ਨੂੰ ਅਲੱਗ ਤੋਂ ਆਈ.ਯੂ.ਸੀ. ਚਾਰਜ ਦਿੰਦੇ ਰਹਿਣਾ ਹੋਵੇਗਾ।