ਬੈਡ ਲੋਨ ਮਾਮਲੇ ’ਚ ਦੁਨੀਆ ਦੀਆਂ 10 ਵੱਡੀਆਂ ਅਰਥਵਿਵਸਥਾਵਾਂ ’ਚ ਭਾਰਤ ਚੋਟੀ ’ਤੇ

01/20/2020 8:09:49 AM

ਨਵੀਂ ਦਿੱਲੀ— ਭਾਰਤੀ ਅਰਥਵਿਵਸਥਾ ’ਚ ਲੰਮੇ ਸਮੇਂ ਤੋਂ ਸੁਸਤੀ ਬਰਕਰਾਰ ਹੈ। ਭਾਰਤੀ ਬੈਂਕਿੰਗ ਵਿਵਸਥਾ ’ਚ ਨਾਨ-ਪ੍ਰਫਾਰਮਿੰਗ ਐਸੇਟ (ਐੱਨ. ਪੀ. ਏ.) ਯਾਨੀ ਬੈਡ ਲੋਨ ਇਕ ਵੱਡੀ ਸਮੱਸਿਆ ਹੈ। ਬੈਂਕਾਂ ਦਾ ਕਰੋਡ਼ਾਂ ਰੁਪਏ ਬੈਡ ਲੋਨ ’ਚ ਫਸਿਆ ਪਿਆ ਹੈ। ਬੈਂਕਿੰਗ ਸੈਕਟਰ ’ਤੇ ਇਸ ਦਾ ਪ੍ਰਭਾਵ ਪੈ ਰਿਹਾ ਹੈ ਅਤੇ ਬੈਂਕਾਂ ਦੇ ਸਾਹਮਣੇ ਆਰਥਿਕ ਸੰਕਟ ਪੈਦਾ ਹੋ ਰਿਹਾ ਹੈ। ਐੱਨ. ਪੀ. ਏ. ’ਚ ਵਾਧੇ ਦੀ ਵਜ੍ਹਾ ਨਾਲ ਬੈਂਕ ਲੋਨ ਦੇਣ ’ਚ ਹੋਰ ਵੀ ਸਾਵਧਾਨੀ ਵਰਤ ਰਹੇ ਹਨ।

ਬੈਡ ਲੋਨ ਦੇ ਮਾਮਲੇ ’ਚ ਵਿਸ਼ਵ ਦੀਆਂ 10 ਵੱਡੀਆਂ ਅਰਥਵਿਵਸਥਾਵਾਂ ’ਚ ਭਾਰਤ ਚੋਟੀ ’ਤੇ ਹੈ। ਦੂਜੇ ਸਥਾਨ ’ਤੇ ਇਟਲੀ ਹੈ। ਦਸੰਬਰ 2018 ਤੱਕ ਇਟਲੀ ਦਾ ਬੈਡ ਲੋਨ ਅਨੁਪਾਤ 8.5 ਫੀਸਦੀ ਸੀ। ਮਾਰਚ 2019 ਤੱਕ 3.1 ਫੀਸਦੀ ਦੇ ਅਨੁਪਾਤ ਨਾਲ ਬ੍ਰਾਜ਼ੀਲ ਬੈਡ ਲੋਨ ਦੀ ਸੂਚੀ ’ਚ ਤੀਜੇ ਸਥਾਨ ’ਤੇ ਸੀ। ਉਥੇ ਹੀ ਦੁਨੀਆ ਦੀਆਂ ਚੋਟੀ ਦੀਆਂ 10 ਅਰਥਵਿਵਸਥਾਵਾਂ ’ਚ ਬੈਡ ਲੋਨ ਦੇ ਮਾਮਲੇ ’ਚ ਕੈਨੇਡਾ ਨੂੰ ਸਭ ਤੋਂ ਸਾਫ-ਸੁਥਰਾ ਦੇਸ਼ ਮੰਨਿਆ ਜਾਂਦਾ ਹੈ । ਕੈਨੇਡਾ ’ਚ ਬੈਡ ਲੋਨ ਦਾ ਅਨੁਪਾਤ ਮਹਿਜ 0.4 ਫੀਸਦੀ ਹੈ।

ਚੀਨ ਤੋਂ ਕਾਫੀ ਪਛੜਿਆ ਹੈ ਭਾਰਤ

ਅੰਕੜਿਆਂ ਅਨੁਸਾਰ ਚੀਨ ’ਚ ਮਾਰਚ 2019 ਤੱਕ ਬੈਡ ਲੋਨ ਅਨੁਪਾਤ 1.8 ਫੀਸਦੀ ਸੀ, ਜਦੋਂਕਿ ਭਾਰਤ ’ਚ ਇਹ ਅਨੁਪਾਤ 9.3 ਫੀਸਦੀ ਰਿਹਾ ਹੈ। ਭਾਰਤ ਦਾ ਕਰੀਬ 11.46 ਲੱਖ ਕਰੋਡ਼ ਰੁਪਏ ਬੈਡ ਲੋਨ ’ਚ ਫਸਿਆ ਹੋਇਆ ਹੈ। ਉਥੇ ਹੀ ਚੀਨ ਦਾ ਇਸ ਤੋਂ 3 ਗੁਣਾ ਘੱਟ ਯਾਨੀ ਕਰੀਬ 3.79 ਲੱਖ ਕਰੋਡ਼ ਰੁਪਏ ਹੀ ਬੈਡ ਲੋਨ ’ਚ ਫਸਿਆ ਹੋਇਆ ਹੈ। ਗੁਆਂਢੀ ਦੇਸ਼ ਚੀਨ ਨਾਲੋਂ ਭਾਰਤ ਬੈਡ ਲੋਨ ਅਨੁਪਾਤ ਦੇ ਮੁਕਾਬਲੇ ਕਿਤੇ ਜ਼ਿਆਦਾ ਪਛੜਿਆ ਹੋਇਆ ਹੈ।

ਆਰ. ਬੀ. ਆਈ. ਨੇ ਦਿੱਤੀ ਸੀ ਚਿਤਾਵਨੀ

ਹਾਲ ਹੀ ’ਚ ਬੈਂਕਾਂ ਦੇ ਐੱਨ. ਪੀ. ਏ. ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵੀ ਚਿਤਾਵਨੀ ਦਿੱਤੀ ਸੀ। ਆਰ. ਬੀ. ਆਈ. ਨੇ ਕਿਹਾ ਕਿ ਸਤੰਬਰ 2020 ਤੱਕ ਬੈਂਕਾਂ ਦਾ ਕੁਲ ਐੱਨ. ਪੀ. ਏ. ਅਨੁਪਾਤ ਵਧ ਕੇ 9.9 ਫੀਸਦੀ ਹੋ ਸਕਦਾ ਹੈ, ਜੋ ਸਤੰਬਰ 2019 ’ਚ 9.3 ਫੀਸਦੀ ਦੇ ਪੱਧਰ ’ਤੇ ਸੀ। ਆਰ. ਬੀ. ਆਈ. ਨੇ ਆਪਣੀ ਵਿੱਤੀ ਸਥਿਰਤਾ ਰਿਪੋਰਟ (ਐੱਫ. ਐੱਸ. ਆਰ.) ’ਚ ਇਹ ਗੱਲ ਕਹੀ।

ਰਿਪੋਰਟ ਮੁਤਾਬਕ, ਸਤੰਬਰ 2020 ਤੱਕ ਸਰਕਾਰੀ ਬੈਂਕਾਂ ਦਾ ਕੁਲ ਐੱਨ. ਪੀ. ਏ. ਵਧ ਕੇ 13.2 ਫੀਸਦੀ ਹੋ ਸਕਦਾ ਹੈ, ਜੋ ਸਤੰਬਰ 2019 ’ਚ 12.7 ਫੀਸਦੀ ਸੀ। ਉਥੇ ਹੀ ਇਸ ਮਿਆਦ ਦੌਰਾਨ ਨਿੱਜੀ ਬੈਂਕਾਂ ਦਾ ਕੁਲ ਐੱਨ. ਪੀ. ਏ. 3.9 ਫੀਸਦੀ ਤੋਂ ਵਧ ਕੇ 4.2 ਫੀਸਦੀ ਤੱਕ ਪਹੁੰਚ ਸਕਦਾ ਹੈ। ਵਿਦੇਸ਼ੀ ਬੈਂਕਾਂ ਦਾ ਕੁਲ ਐੱਨ. ਪੀ. ਏ. 2.9 ਫੀਸਦੀ ਤੋਂ ਵਧ ਕੇ 3.1 ਫੀਸਦੀ ਹੋ ਸਕਦਾ ਹੈ।