ਆਸਟ੍ਰੇਲੀਆ ਦਾ ਭਾਰਤੀਆਂ ਨੂੰ ਝਟਕਾ, ਖਤਮ ਕੀਤਾ ਇਹ ਵੀਜ਼ਾ ਪ੍ਰੋਗਰਾਮ

04/18/2017 8:26:33 PM

ਨਵੀਂ ਦਿੱਲੀ— ਆਸਟ੍ਰੇਲੀਆ ਨੇ 95,000 ਤੋਂ ਵਧ ਕੱਚੇ ਵਿਦੇਸ਼ੀ ਕਾਮਿਆਂ ਵੱਲੋਂ ਵਰਤੇ ਜਾ ਰਹੇ ਮਸ਼ਹੂਰ ਵੀਜ਼ਾ ਪ੍ਰੋਗਰਾਮ ਨੂੰ ਅੱਜ ਖਤਮ ਕਰ ਦਿੱਤਾ ਹੈ। ਉਸ ਨੇ ਅਜਿਹਾ ਕਦਮ ਆਪਣੇ ਦੇਸ਼ ''ਚ ਵਧਦੀ ਬੇਰੁਜ਼ਗਾਰੀ ਨਾਲ ਨਜਿੱਠਣ ਲਈ ਚੁੱਕਿਆ ਹੈ। ਆਸਟ੍ਰੇਲੀਆ ਦੇ ਇਸ ਫੈਸਲੇ ਦਾ ਸਭ ਤੋਂ ਵਧ ਅਸਰ ਭਾਰਤੀਆਂ ''ਤੇ ਹੋਵੇਗਾ ਕਿਉਂਕਿ ਇਸ ਪ੍ਰੋਗਰਾਮ ਤਹਿਤ ਵੱਡੀ ਗਿਣਤੀ ''ਚ ਭਾਰਤੀ ਕਾਮੇ ਉੱਥੇ ਕੰਮ ਕਰਦੇ ਹਨ। ਇਸ ਪ੍ਰੋਗਰਾਮ ਨੂੰ 457-ਵੀਜ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤਹਿਤ ਕੰਪਨੀਆਂ ਨੂੰ ਉਨ੍ਹਾਂ ਖੇਤਰਾਂ ''ਚ ਚਾਰ ਸਾਲ ਤਕ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਮਨਜ਼ੂਰੀ ਸੀ, ਜਿੱਥੇ ਕੁਸ਼ਲ ਆਸਟ੍ਰੇਲੀਆਈ ਕਾਮਿਆਂ ਦੀ ਕਮੀ ਹੈ। 

ਪ੍ਰਧਾਨ ਮੰਤਰੀ ਮੈਲਕਾਮ ਟਰਨਬੁਲ ਨੇ ਕਿਹਾ, ''ਆਸਟ੍ਰੇਲੀਆਈ ਕਾਮਿਆਂ ਨੂੰ ਆਪਣੇ ਦੇਸ਼ ''ਚ ਰੁਜ਼ਗਾਰ ''ਚ ਪਹਿਲ ਮਿਲਣੀ ਚਾਹੀਦੀ ਹੈ। ਇਸ ਲਈ ਅਸੀਂ 457-ਵੀਜ਼ਾ ਖਤਮ ਕਰ ਰਹੇ ਹਾਂ। ਇਸ ਵੀਜ਼ਾ ਜ਼ਰੀਏ ਅਸਥਾਈ ਤੌਰ ''ਤੇ ਵਿਦੇਸ਼ੀ ਕਾਮੇ ਸਾਡੇ ਦੇਸ਼ ਆਉਂਦੇ ਹਨ।''

ਇਹ ਵੀਜ਼ਾ ਰੱਖਣ ਵਾਲਿਆਂ ''ਚ ਜ਼ਿਆਦਾਤਰ ਭਾਰਤ ਦੇ ਹਨ। ਉਸ ਤੋਂ ਬਾਅਦ ਬ੍ਰਿਟੇਨ ਅਤੇ ਚੀਨ ਦਾ ਸਥਾਨ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 457-ਵੀਜ਼ਾ ਨੂੰ ਰੁਜ਼ਗਾਰ ਦਾ ਪਾਸਪੋਰਟ ਹੋਣ ਦੀ ਹੁਣ ਮਨਜ਼ੂਰੀ ਨਹੀਂ ਦੇਵਾਂਗੇ ਅਤੇ ਇਹ ਰੁਜ਼ਗਾਰ ਆਸਟ੍ਰੇਲੀਆਈ ਕਾਮਿਆਂ ਲਈ ਹੋਣੇ ਚਾਹੀਦੇ ਹਨ।

ਆਵੇਗਾ ਨਵਾਂ ਵੀਜ਼ਾ ਪ੍ਰੋਗਰਾਮ

ਇਸ ਵੀਜ਼ਾ ਪ੍ਰੋਗਾਰਮ ਤਹਿਤ 30 ਸਤੰਬਰ 2016 ਤਕ ਆਸਟ੍ਰੇਲੀਆ ''ਚ 95,757 ਕਾਮੇ ਕੰਮ ਕਰ ਰਹੇ ਸਨ। ਹੁਣ ਇਸ ਪ੍ਰੋਗਰਾਮ ਦੀ ਜਗ੍ਹਾ ''ਤੇ ਨਵੀਆਂ ਪਾਬੰਦੀਆਂ ਨਾਲ ਦੂਜਾ ਵੀਜ਼ਾ ਪ੍ਰੋਗਰਾਮ ਲਿਆਂਦਾ ਜਾਵੇਗਾ। ਟਰਨਬੁਲ ਨੇ ਕਿਹਾ ਕਿ ਨਵਾਂ ਪ੍ਰੋਗਰਾਮ ਇਹ ਪੱਕਾ ਕਰੇਗਾ ਕਿ ਵਿਦੇਸ਼ੀ ਕਾਮੇ ਉਨ੍ਹਾਂ ਖੇਤਰਾਂ ''ਚ ਕੰਮ ਕਰਨ ਲਈ ਆਸਟ੍ਰੇਲੀਆ ਆਉਣ ਜਿੱਥੇ ਕੁਸ਼ਲ ਲੋਕਾਂ ਦੀ ਬਹੁਤ ਕਮੀ ਹੈ ਨਾ ਕਿ ਸਿਰਫ ਇਸ ਲਈ ਆਉਣ ਕਿ ਨੌਕਰੀ ਦਾਤਾ ਨੂੰ ਆਸਟ੍ਰੇਲੀਆਈ ਕਾਮਿਆਂ ਦੀ ਬਜਾਏ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨਾ ਆਸਾਨ ਹੈ। ਪ੍ਰਧਾਨ ਮੰਤਰੀ ਨੇ ਇਹ ਐਲਾਨ ਹਾਲ ਹੀ ''ਚ ਭਾਰਤ ਯਾਤਰਾ ਤੋਂ ਵਾਪਸ ਜਾਣ ਦੇ ਬਾਅਦ ਕੀਤਾ ਹੈ। ਉਨ੍ਹਾਂ ਨੇ ਭਾਰਤ ''ਚ ਰਾਸ਼ਟਰੀ ਸੁਰੱਖਿਆ, ਅੱਤਵਾਦ ਖਿਲਾਫ ਉਪਾਵਾਂ, ਸਿੱਖਿਆ ਅਤੇ ਊਰਜਾ ''ਤੇ ਚਰਚਾ ਕੀਤੀ ਅਤੇ 6 ਸਮਝੌਤਿਆਂ ''ਤੇ ਦਸਤਖਤ ਕੀਤੇ।