ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਲਗਾਤਾਰ ਛੇਵੀਂ ਵਾਰ ਵਧਾਈ ਵਿਆਜ ਦਰ

10/05/2022 2:30:44 PM

ਕੈਨਬਰਾ (ਭਾਸ਼ਾ) – ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਆਪਣੀ ਮਿਆਰੀ ਵਿਆਜ ਦਰ ’ਚ ਲਗਾਤਾਰ ਛੇਵੇਂ ਮਹੀਨੇ ਵਾਧਾ ਕੀਤਾ, ਜਿਸ ਨਾਲ ਇਹ 9 ਮਹੀਨਿਆਂ ਦੇ ਉੱਚ ਪੱਧਰ 2.6 ਫੀਸਦੀ ’ਤੇ ਪਹੁੰਚ ਗਈ। ‘ਰਿਜ਼ਰਵ ਬੈਂਕ ਆਫ ਆਸਟ੍ਰੇਲੀਆ’ ਨੇ ਨਕਦੀ ਦਰ ’ਚ 0.25 ਫੀਸਦੀ ਦਾ ਵਾਧਾ ਕੀਤਾ ਜੋ ਵਿਸ਼ਲੇਸ਼ਕਾਂ ਦੀਆਂ ਉਮੀਦਾਂ ਤੋਂ ਘੱਟ ਹੈ। ਵਿਸ਼ਲੇਸ਼ਕਾਂ ਨੇ 0.50 ਫੀਸਦੀ ਦੇ ਵਾਧੇ ਦੀ ਸੰਭਾਵਨਾ ਪ੍ਰਗਟਾਈ ਸੀ। ਦਰਅਸਲ ਆਸਟ੍ਰੇਲੀਆਈ ਕੇਂਦਰੀ ਬੈਂਕ ਪਿਛਲੇ 4 ਵਾਰ ਤੋਂ ਵਿਆਜ ਦਰ ’ਚ 0.5-0.5 ਫੀਸਦੀ ਦਾ ਵਾਧਾ ਕਰਦਾ ਰਿਹਾ ਹੈ।

ਉਸ ਤੋਂ ਪਹਿਲਾਂ ਮਈ ’ਚ ਕੇਂਦਰੀ ਬੈਂਕ ਨੇ 0.25 ਫੀਸਦੀ ਦਾ ਵਾਧਾ ਕੀਤਾ ਸੀ ਜੋ ਅਗਸਤ 2013 ਤੋਂ ਬਾਅਦ ਪਹਿਲਾ ਵਾਧਾ ਸੀ। ਕੇਂਦਰੀ ਬੈਂਕ ਦੇ ਗਵਰਨਰ ਫਿਲਿਪ ਲੋਵ ਨੇ ਕਿਹਾ ਕਿ ਇਸ ਵਾਰ ਵਿਆਜ ਦਰ ’ਚ ਘੱਟ ਵਾਧਾ ਕਰਨ ਦਾ ਮਤਲਬ ਹੈ ਕਿ ਨਕਦੀ ਦਰ ਸੀਮਤ ਮਿਆਦ ’ਚ ਕਾਫੀ ਵਧ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਆਗਾਮੀ ਵਾਧੇ ਦਾ ਫੈਸਲਾ ਮਹਿੰਗਾਈ ਅਤੇ ਕਿਰਤ ਬਾਜ਼ਾਰ ਦੇ ਲੈਂਡਸਕੇਪ ਦੇ ਮੁਲਾਂਕਣ ’ਤੇ ਨਿਰਭਰ ਕਰੇਗਾ। ਆਸਟ੍ਰੇਲੀਆ ’ਚ ਮਹਿੰਗਾਈ ਇਸ ਸਮੇਂ 6.1 ਫੀਸਦੀ ਹੈ ਅਤੇ ਦਸੰਬਰ ਤਿਮਾਹੀ ’ਚ ਇਸ ਦੇ 7.75 ਫੀਸਦੀ ਦੇ ਪੱਧਰ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ। ਉੱਥੇ ਹੀ ਕੇਂਦਰੀ ਬੈਂਕ ਇਸ ਨੂੰ 2-3 ਫੀਸਦੀ ਦੇ ਘੇਰੇ ’ਚ ਲਿਆਉਣ ਲਈ ਯਤਨਸ਼ੀਲ ਹੈ। ਆਸਟ੍ਰੇਲੀਆ ਲਈ ਰਾਹਤ ਦੀ ਗੱਲ ਇਹ ਹੈ ਕਿ ਬੇਰੁਜ਼ਗਾਰੀ ਦਰ 50 ਸਾਲਾਂ ਦੇ ਹੇਠਲੇ ਪੱਧਰ 3.5 ਫੀਸਦੀ ’ਤੇ ਹੈ।

Harinder Kaur

This news is Content Editor Harinder Kaur