ਆਈਫੋਨ ਦੀ ਜਾਣਕਾਰੀ ਹੋਈ ਲੀਕ, ਤਾਂ ਜਾਣਾ ਪਵੇਗਾ ਜੇਲ੍ਹ!

04/14/2018 3:46:10 PM

ਵਾਸ਼ਿੰਗਟਨ— ਅਮਰੀਕਾ ਦੀ ਦਿੱਗਜ ਸਮਾਰਟ ਫੋਨ ਕੰਪਨੀ ਐਪਲ ਨੇ ਆਪਣੇ ਕਰਮਚਾਰੀਆਂ ਨੂੰ ਇਕ ਸਖਤ ਚਿਤਾਵਨੀ ਜਾਰੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਐਪਲ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਨਵੇਂ ਆਈਫੋਨ ਦੀ ਜਾਣਕਾਰੀ ਲੀਕ ਕਰਨ 'ਤੇ ਉਨ੍ਹਾਂ ਨੂੰ ਜੇਲ੍ਹ ਤਕ ਦੀ ਹਵਾ ਖਾਣੀ ਪੈ ਸਕਦੀ ਹੈ। ਇੰਨਾ ਹੀ ਨਹੀਂ, ਉਸ ਨੇ ਕਰਮਚਾਰੀਆਂ ਨੂੰ ਇਹ ਵੀ ਕਹਿ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਕੋਈ ਕਰਮਚਾਰੀ ਕੰਪਨੀ ਦੀਆਂ ਭਵਿੱਖ ਯੋਜਨਾਵਾਂ ਦੀ ਜਾਣਕਾਰੀ ਜਿਵੇਂ ਕਿ ਨਵੇਂ ਆਫੀਫੋਨ ਬਾਰੇ ਡਾਟਾ ਲੀਕ ਕਰਦਾ ਹੈ, ਤਾਂ ਇਸ ਦਾ ਮਤਲਬ ਹੋਵੇਗਾ ਕਿ ਉਸ ਨੇ ਆਪਣੀ ਨੌਕਰੀ ਦਾ ਵੀ ਅੰਤ ਕਰ ਲਿਆ ਤੇ ਸਾਖ ਵੀ ਗੁਆ ਲਈ। ਐਪਲ ਨੇ ਇਹ ਚਿਤਾਵਨੀ ਇਕ ਬਲਾਗ 'ਚ ਦਿੱਤੀ, ਜੋ ਕਿ ਇਕ ਨਿਊਜ਼ ਵੈੱਬਸਾਈਟ ਨੂੰ ਗਲਤੀ ਨਾਲ ਲੀਕ ਹੋ ਗਈ।

ਲੀਕ ਦੇ ਮਾਮਲੇ 'ਚ ਪਿਛਲੇ ਸਾਲ 12 ਲੋਕ ਹੋਏ ਗ੍ਰਿਫਤਾਰ
ਬਲਾਗ ਪੋਸਟ 'ਚ ਐਪਲ ਨੇ ਕਿਹਾ ਕਿ ਉਹ ਲੋਕ ਜੋ ਜਾਣਕਾਰੀ ਲੀਕ ਕਰਦੇ ਹਨ ਚਾਹੇ ਉਹ ਐਪਲ ਦੇ ਕਰਮਚਾਰੀ ਹਨ, ਜਾਂ ਠੇਕੇਦਾਰ ਜਾਂ ਫਿਰ ਸਪਲਾਈਰ ਫੜ੍ਹੇ ਜਾਣਗੇ ਅਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਫੜ੍ਹੇ ਜਾ ਰਹੇ ਹਨ। ਕੰਪਨੀ ਨੇ ਕਰਮਚਾਰੀਆਂ ਨੂੰ ਮੀਡੀਆ ਤੋਂ ਵੀ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਤਕਨਾਲੋਜੀ ਦਿੱਗਜ ਇਸ ਕੰਪਨੀ ਨੇ ਇਹ ਵੀ ਕਿਹਾ ਕਿ ਪਿਛਲੇ ਸਾਲ ਉਸ ਨੇ ਜਾਣਕਾਰੀ ਲੀਕ ਕਰਨ ਵਾਲੇ 29 ਲੋਕਾਂ ਨੂੰ ਫੜ੍ਹਿਆ ਸੀ, ਜਿਨ੍ਹਾਂ 'ਚੋਂ 12 ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਲੋਕਾਂ ਦੀ ਸਿਰਫ ਨੌਕਰੀ ਹੀ ਨਹੀਂ ਗਈ ਸਗੋਂ ਇਨ੍ਹਾਂ ਨੂੰ ਕਿਤੇ ਵੀ ਰੁਜ਼ਗਾਰ ਲੱਭਣ 'ਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਐਪਲ ਨੇ ਆਪਣੇ ਕਰਮਚਾਰੀਆਂ ਨੂੰ ਇਨ੍ਹਾਂ ਗੱਲਾਂ 'ਤੇ ਡੂੰਘਾ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਐਪਲ ਨੇ ਕਿਹਾ ਕਿ ਨਵੇਂ ਪ੍ਰਾਡਕਟ ਦੀ ਜਾਣਕਾਰੀ ਲੀਕ ਹੋਣ ਨਾਲ ਮੌਜੂਦਾ ਮਾਡਲਾਂ ਦੀ ਵਿਕਰੀ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਨਾਲ ਵਿਰੋਧੀਆਂ ਨੂੰ ਮੁਕਾਬਲੇਬਾਜ਼ ਪ੍ਰਾਡਕਟ ਬਣਾਉਣ ਦਾ ਕਾਫੀ ਸਮਾਂ ਮਿਲ ਜਾਂਦਾ ਹੈ। ਇਸ ਦੇ ਮੱਦੇਨਜ਼ਰ ਜਦੋਂ ਨਵਾਂ ਪ੍ਰਾਡਕਟ ਲਾਂਚ ਹੁੰਦਾ ਹੈ, ਤਾਂ ਉਸ ਦੀ ਸੇਲ ਘੱਟ ਜਾਂਦੀ ਹੈ।