Apple ਦੇ ਸ਼ੌਕੀਨਾਂ ਨੂੰ ਝਟਕਾ, ਇਨ੍ਹਾਂ ਮਾਡਲਾਂ ਦੀ ਵਿਕਰੀ ਹੋ ਸਕਦੀ ਹੈ ਬੰਦ

03/14/2019 3:53:36 PM

ਨਵੀਂ ਦਿੱਲੀ— ਹੁਣ ਆਈਫੋਨ 'ਤੇ ਤੁਹਾਨੂੰ ਕੋਈ ਡਿਸਕਾਊਂਟ ਨਹੀਂ ਮਿਲਣ ਵਾਲਾ। Apple ਭਾਰਤ 'ਚ ਆਈਫੋਨ-6 ਅਤੇ 6-ਪਲੱਸ ਦੀ ਵਿਕਰੀ ਬੰਦ ਕਰ ਸਕਦੀ ਹੈ। ਛੋਟੇ ਸਟੋਰਾਂ ਅਤੇ ਉਨ੍ਹਾਂ ਆਊਟਲੇਟਸ ਤੋਂ ਵੀ ਬਾਹਰ ਨਿਕਲ ਸਕਦੀ ਹੈ, ਜਿੱਥੇ ਮਹੀਨੇ 'ਚ 35 ਫੋਨਾਂ ਦੀ ਵਿਕਰੀ ਵੀ ਨਹੀਂ ਹੋ ਰਹੀ ਹੈ। ਕੰਪਨੀ ਦੀ ਰਣਨੀਤੀ ਭਾਰਤ 'ਚ ਮਹਿੰਗੇ ਬ੍ਰਾਂਡਿਡ ਸਮਾਰਟ ਫੋਨਾਂ ਦੇ ਬਾਜ਼ਾਰ 'ਚ ਆਪਣੀ ਪਕੜ ਨੂੰ ਮਜ਼ਬੂਤ ਕਰਨ ਦੀ ਹੈ, ਜੋ ਵਨ ਪਲਸ ਕਾਰਨ ਘਟੀ ਹੈ। ਸੂਤਰਾਂ ਮੁਤਾਬਕ, ਇਸ ਰਣਨੀਤੀ ਤਹਿਤ ਕੰਪਨੀ ਆਈਫੋਨ 6-ਐੱਸ ਅਤੇ 6-ਐੱਸ ਪਲੱਸ ਦੇ ਨਾਲ ਹੋਰ ਫੋਨਾਂ ਦੀਆਂ ਕੀਮਤਾਂ 'ਚ ਵਾਧਾ ਵੀ ਕਰ ਸਕਦੀ ਹੈ।

 

Apple ਨੇ 2014 'ਚ ਆਈਫੋਨ 6 (32 ਜੀਬੀ) ਪੇਸ਼ ਕੀਤਾ ਸੀ, ਜਿਸ ਦੀ ਕੀਮਤ ਲਗਭਗ 24,900 ਰੁਪਏ ਹੈ। ਉੱਥੇ ਹੀ, ਆਈਫੋਨ 6-ਐੱਸ (32 ਜੀਬੀ) ਦੀ ਕੀਮਤ 29,900 ਰੁਪਏ ਹੈ। ਪਿਛਲੇ ਸਾਲ ਐਪਲ ਨੇ ਆਈਫੋਨ ਐੱਸ. ਈ. ਦੀ ਕੀਮਤ ਵਧਾ ਕੇ 21,000 ਰੁਪਏ ਕੀਤੀ ਸੀ। ਇਹ ਉਸ ਦੀ ਡਿਸਕਾਊਂਟ ਬੰਦ ਕਰਨ ਦੀ ਰਣਨੀਤੀ ਦਾ ਹਿੱਸਾ ਹੈ, ਤਾਂ ਕਿ ਮਹਿੰਗੇ ਫੋਨਾਂ ਦੇ ਬਾਜ਼ਾਰ 'ਚ ਉਸ ਦਾ ਨਾਂ ਉੱਪਰ ਰਹੇ। ਇੰਡਸਟਰੀ ਸੂਤਰਾਂ ਨੇ ਕਿਹਾ ਕਿ Apple ਲੋਕਲ ਯਾਨੀ ਭਾਰਤ 'ਚ ਬਣਨ ਵਾਲੇ ਆਈਫੋਨ 6-ਐੱਸ ਦੀ ਕੀਮਤ ਨੂੰ ਲੈ ਕੇ ਤੁਰੰਤ ਕੋਈ ਕਟੌਤੀ ਕਰਨ ਦਾ ਵਿਚਾਰ ਨਹੀਂ ਕਰ ਰਹੀ ਹੈ।

 


ਕੰਪਨੀ ਦੀ ਯੋਜਨਾ ਵਿਸ਼ੇਸ਼ ਸਟੋਰਾਂ ਦਾ ਵਿਸਥਾਰ ਕਰਨ ਦੀ ਹੈ, ਜਿਨ੍ਹਾਂ ਨੂੰ ਐਪਲ ਅਧਿਕਾਰਤ ਵਿਕਰੇਤਾ ਵੀ ਕਿਹਾ ਜਾਂਦਾ ਹੈ। ਇਹ ਸਟੋਰ ਕਰੀਬ 500 ਵਰਗ ਫੁੱਟ ਦੇ ਹਨ। ਸੂਤਰਾਂ ਨੇ ਕਿਹਾ ਕਿ ਐਪਲ ਉਨ੍ਹਾਂ ਸਟੋਰਾਂ ਤੋਂ ਬਾਹਰ ਨਿਕਲਣ ਜਾ ਰਹੀ ਹੈ, ਜਿਨ੍ਹਾਂ ਦਾ ਖੇਤਰ 350-400 ਵਰਗ ਫੁੱਟ ਤੋਂ ਘੱਟ ਹੈ ਅਤੇ ਜੋ ਪ੍ਰਤੀ ਮਹੀਨੇ 35 ਤੋਂ ਘੱਟ ਫੋਨ ਵੇਚਦੇ ਹਨ।ਪਿਛਲੇ ਸਾਲ ਭਾਰਤ 'ਚ ਉਸ ਦੇ ਪੰਜ ਡਿਸਟ੍ਰੀਬਿਊਟਰ ਸਨ। ਇਨ੍ਹਾਂ 'ਚੋਂ ਬ੍ਰਾਈਟ ਸਟਾਰ ਅਤੇ ਐੱਚ. ਸੀ. ਐੱਲ. ਇਨਫੋਸਿਸਟਮਜ਼ ਨਾਲ ਪਾਰਟਨਰਸ਼ਿਪ ਖਤਮ ਕਰ ਚੁੱਕੀ ਹੈ। ਉੱਥੇ ਹੀ, ਕੰਪਨੀ ਅਪ੍ਰੈਲ ਤੋਂ ਆਈਫੋਨ ਲਈ ਆਰ. ਪੀ. ਟੈੱਕ ਨਾਲ ਵੀ ਆਪਣੀ ਪਾਰਟਨਰਸ਼ਿਪ ਖਤਮ ਕਰ ਰਹੀ ਹੈ ਅਤੇ ਇਨਗ੍ਰਾਮ ਮਾਈਕਰੋ ਤੇ ਰੈਡਿੰਗਟਨ ਨਾਲ ਮਿਲ ਕੇ ਇਹ ਕੰਮ ਕਰੇਗੀ।