Apple ਦਾ ਪਹਿਲਾ ਰਿਟੇਲ ਸਟੋਰ ਭਾਰਤ 'ਚ ਸਾਲ 2021 ਵਿਚ ਖੁੱਲ੍ਹੇਗਾ : ਟਿਮ ਕੁੱਕ

02/27/2020 10:40:25 AM

ਨਵੀਂ ਦਿੱਲੀ — ਅਮਰੀਕਾ ਦੀ ਟੈਕ ਕੰਪਨੀ ਐਪਲ ਇੰਕ ਨੇ ਆਪਣਾ ਰਿਟੇਲ ਸਟੋਰ ਭਾਰਤ ਵਿਚ ਖੋਲ੍ਹਣ ਦੀ ਡੇਡਲਾਈਨ ਤੈਅ ਕਰ ਦਿੱਤੀ ਹੈ। ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਕਿਹਾ ਹੈ ਕਿ ਭਾਰਤ ਵਿਚ ਐਪਲ ਦਾ ਪਹਿਲਾ ਸਟੋਰ 2021 ਵਿਚ ਖੁੱਲ੍ਹ ਜਾਵੇਗਾ।

ਆਨਲਾਈਨ ਸਟੋਰ ਦੀ ਸ਼ੁਰੂਆਤ

ਕੈਲੀਫੋਰਨੀਆ 'ਚ ਐਪਲ ਦੇ ਸ਼ੇਅਰਧਾਰਕਾਂ ਦੀ ਸਾਲਾਨਾ ਬੈਠਕ ਵਿਚ ਕੁੱਕ ਨੇ ਭਾਰਤ ਵਿਚ ਕੰਪਨੀ ਦੇ ਵਿਸਥਾਰ ਦੀ ਜਾਣਕਾਰੀ ਦਿੱਤੀ। ਇਕ ਸਵਾਲ ਦੇ ਜਵਾਬ ਵਿਚ  ਕੁੱਕ ਨੇ ਕਿਹਾ ਕਿ ਐਪਲ ਦਾ ਆਨਲਾਈਨ ਸਟੋਰ ਭਾਰਤ ਵਿਚ ਇਸੇ ਸਾਲ ਯਾਨੀ ਕਿ 2020 'ਚ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਐਪਲ ਦਾ ਭਾਰਤ 'ਚ ਪਹਿਲਾ ਬ੍ਰਾਂਡਿਡ ਰਿਟੇਲ ਸਟੋਰ ਅਗਲੇ ਸਾਲ ਯਾਨੀ 2021 'ਚ ਖੁੱਲ੍ਹ ਜਾਵੇਗਾ। ਕੁੱਕ ਨੇ ਕਿਹਾ ਕਿ ਸਾਨੂੰ ਭਾਰਤ ਵਿਚ ਸਟੋਰ ਖੋਲ੍ਹਣ ਲਈ ਸਰਕਾਰੀ ਮਨਜ਼ੂਰੀ ਦਾ ਇੰਤਜ਼ਾਰ ਹੈ ਅਤੇ ਅਸੀਂ ਕਿਸੇ ਘਰੇਲੂ ਹਿੱਸੇਦਾਰੀ ਦੇ ਇਹ ਕੰਮ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਭਾਰਤ ਵਿਚ ਕੋਈ ਹੋਰ ਐਪਲ ਦਾ ਸਟੋਰ ਚਲਾਏ।

ਭਾਰਤ ਵਿਦੇਸ਼ੀ ਕੰਪਨੀਆਂ ਲਈ ਵੱਡਾ ਬਜ਼ਾਰ

ਅਮਰੀਕਾ ਦੀ ਦਿੱਗਜ ਕੰਪਨੀ ਐਪਲ ਸਮੇਤ ਵਿਦੇਸ਼ੀ ਕੰਪਨੀਆਂ ਲਈ ਭਾਰਤ ਵੱਡਾ ਬਜ਼ਾਰ ਹੈ। ਰਿਸਰਚ ਫਰਮ ਕਾਊਂਟਰਪੁਆਇੰਟ ਦੀ ਇਕ ਰਿਪੋਰਟ ਅਨੁਸਾਰ ਗ੍ਰੋਥ ਨੂੰ ਬਰਕਰਾਰ ਰੱਖਣ ਲਈ ਭਾਰਤ ਇਕ ਵੱਡਾ ਬਜ਼ਾਰ ਹੈ ਪਰ ਦੇਸ਼ ਵਿਚ ਜ਼ਿਆਦਾਤਰ ਲੋਕ ਐਪਲ ਦੇ ਉਤਪਾਦ ਖਰੀਦਣ ਦੇ ਸਮਰੱਥ ਨਹੀਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਵਿਕਣ ਵਾਲੇ ਜ਼ਿਆਦਾਤਰ ਸਮਾਰਟਫੋਨ 150 ਡਾਲਰ ਜਾਂ ਇਸ ਤੋਂ ਘੱਟ ਕੀਮਤ ਵਾਲੇ ਹੁੰਦੇ ਹਨ।