ਬਜਟ ਦਾ ਅਸਰ : ਆਈਫੋਨ ਹੋਏ ਮਹਿੰਗੇ, ਜਾਣੋ ਕੀਮਤਾਂ

02/05/2018 3:51:25 PM

ਨਵੀਂ ਦਿੱਲੀ— ਬਜਟ 'ਚ ਮੋਬਾਇਲ ਫੋਨਾਂ 'ਤੇ ਇੰਪੋਰਟ ਯਾਨੀ ਦਰਾਮਦ ਡਿਊਟੀ ਵਧਾਉਣ ਦੇ ਪ੍ਰਸਤਾਵ ਤੋਂ ਬਾਅਦ ਆਈਫੋਨ ਦੇ ਸਿਰਫ ਇਕ ਮਾਡਲ ਨੂੰ ਛੱਡ ਕੇ ਬਾਕੀ ਸਾਰੇ ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਕੇਂਦਰੀ ਬਜਟ 'ਚ ਸਰਕਾਰ ਨੇ ਮੋਬਾਈਲ ਫੋਨਾਂ 'ਤੇ ਡਿਊਟੀ 15 ਤੋਂ ਵਧਾ ਕੇ 20 ਫੀਸਦੀ ਕਰ ਦਿੱਤੀ ਸੀ। ਇਸ ਤੋਂ ਬਾਅਦ ਐਪਲ ਨੇ ਆਪਣੇ ਆਈਫੋਨ ਮਾਡਲਾਂ ਦੀਆਂ ਕੀਮਤਾਂ 'ਚ ਔਸਤ 3 ਫੀਸਦੀ ਵਾਧਾ ਕਰ ਦਿੱਤਾ ਹੈ।

ਆਈਫੋਨ ਐਕਸ 256-ਜੀਬੀ ਦੀ ਕੀਮਤ 3,000-3,200 ਰੁਪਏ ਵਧ ਕੇ 1,05,720 ਰੁਪਏ ਤੋਂ 1,08,930 ਰੁਪਏ ਹੋ ਗਈ ਹੈ। ਆਈਫੋਨ 6 ਅਤੇ ਆਈਫੋਨ 6-ਐੱਸ ਦੇ ਸ਼ੁਰੂਆਤੀ ਮੁੱਲ ਕ੍ਰਮਵਾਰ 1,100 ਰੁਪਏ ਅਤੇ 1,350 ਰੁਪਏ ਵਧ ਕੇ ਕ੍ਰਮਵਾਰ 31,900 ਅਤੇ 42,900 ਰੁਪਏ ਹੋ ਗਏ ਹਨ। ਭਾਰਤ 'ਚ ਵਿਕਣ ਵਾਲੇ 16 ਮਾਡਲਾਂ 'ਚੋਂ ਆਈਫੋਨ 6-ਐੱਸ ਦੀ ਕੀਮਤ 'ਚ ਸਭ ਤੋਂ ਜ਼ਿਆਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ ਇਹ ਵਾਧਾ ਵਰਤਮਾਨ ਸਮੇਂ 'ਚ ਭਾਰਤ 'ਚ ਬਣਨ ਵਾਲੇ ਐਪਲ ਦੇ ਸਭ ਤੋਂ ਸਸਤੇ ਆਈਫੋਨ ਐੱਸ. ਈ. 'ਤੇ ਲਾਗੂ ਨਹੀਂ ਹੋਵੇਗਾ। ਇਹ ਤਿੰਨ ਮਹੀਨਿਆਂ 'ਚ ਦੂਜੀ ਵਾਰ ਹੈ ਜਦੋਂ ਦਰਾਮਦ ਕੀਤੇ ਮੋਬਾਈਲ ਫੋਨਾਂ ਤੇ ਇੰਪੋਰਟ ਡਿਊਟੀ ਵਧਾਈ ਗਈ ਹੈ। ਸਰਕਾਰ ਨੇ 'ਮੇਕ ਇਨ ਇੰਡੀਆ' ਪ੍ਰੋਗਰਾਮ ਤਹਿਤ ਸਥਾਨਕ ਨਿਰਮਾਣ ਵਧਾਉਣ ਦੇ ਟੀਚੇ ਨਾਲ ਇਹ ਕਦਮ ਚੁੱਕਿਆ ਹੈ।

ਪਿਛਲੇ ਹਫਤੇ ਸਰਕਾਰ ਨੇ 2018-19 ਦੇ ਕੇਂਦਰੀ ਬਜਟ 'ਚ ਭਾਰਤ 'ਚ ਦਰਾਮਦ ਕੀਤੇ ਜਾਣ ਵਾਲੇ ਸਾਰੇ ਮੋਬਾਈਲ ਫੋਨਾਂ ਤੇ ਬੇਸਿਕ ਕਸਟਮ ਡਿਊਟੀ 15 ਤੋਂ ਵਧਾ ਕੇ 20 ਫੀਸਦੀ ਕਰ ਦਿੱਤੀ ਸੀ, ਜਦੋਂ ਕਿ ਪਿਛਲੇ ਸਾਲ ਦਸੰਬਰ 'ਚ ਸਰਕਾਰ ਨੇ ਇਹ ਡਿਊਟੀ 10 ਤੋਂ ਵਧਾ ਕੇ 15 ਫੀਸਦੀ ਕੀਤੀ ਸੀ। ਹਾਲਾਂਕਿ ਇਹ ਡਿਊਟੀ ਸਾਰੇ ਬਰਾਂਡਾਂ 'ਤੇ ਲਾਗੂ ਹੁੰਦੀ ਹੈ, ਜੋ ਫੋਨ ਦਰਾਮਦ ਕਰਦੇ ਹਨ ਪਰ ਇਸ ਨਾਲ ਐਪਲ ਸਭ ਤੋਂ ਵਧ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਇਹ ਭਾਰਤ 'ਚ ਵੇਚੇ ਜਾਂਦੇ ਲਗਭਗ 88 ਫੀਸਦੀ ਫੋਨ ਦਰਾਮਦ ਕਰਦਾ ਹੈ।