IPHONE 12 ਖਰੀਦਣ ਲਈ ਪੁਰਾਣੇ ਫੋਨ ਬਦਲੇ ਮਿਲ ਰਹੀ ਹੈ ਭਾਰੀ ਛੋਟ, ਵੇਖੋ ਲਿਸਟ

10/24/2020 11:26:51 PM

ਨਵੀਂ ਦਿੱਲੀ— ਜੇਕਰ ਤੁਸੀਂ ਹਾਲ ਹੀ 'ਚ ਲਾਂਚ ਹੋਏ ਆਈਫੋਨ 12 ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਿੱਗਜ ਸਮਾਰਟ ਫੋਨ ਕੰਪਨੀ ਐਪਲ ਪੁਰਾਣੇ ਫੋਨ ਦੇ ਬਦਲੇ ਆਈਫੋਨ 12 ਖਰੀਦਣ ਦਾ ਮੌਕਾ ਦੇ ਰਹੀ ਹੈ। ਇਸ ਲਈ ਸਿਰਫ ਪੁਰਾਣੇ ਆਈਫੋਨ ਹੀ ਨਹੀਂ ਸਗੋਂ ਕੁਝ ਪ੍ਰਸਿੱਧ ਐਂਡ੍ਰਾਇਡ ਫੋਨਾਂ ਬਦਲੇ ਵੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਕੰਪਨੀ ਨੇ ਹਾਲ ਹੀ 'ਚ ਆਈਫੋਨ 12 ਸੀਰੀਜ਼ ਲਾਂਚ ਕੀਤੀ ਹੈ।

ਖਰੀਦਦਾਰ ਨੂੰ ਪੁਰਾਣੇ ਸਮਾਰਟ ਫੋਨ ਬਦਲੇ ਕਿੰਨੀ ਛੋਟ ਮਿਲ ਸਕਦੀ ਹੈ, ਇਸ ਦਾ ਬਿਹਤਰ ਅੰਦਾਜ਼ਾ ਦੇਣ ਲਈ ਐਪਲ ਨੇ ਆਈਫੋਨ-11 ਪ੍ਰੋ ਮੈਕਸ ਤੋਂ ਲੈ ਕੇ ਆਈਫੋਨ-5 ਐੱਸ ਵਿਚਕਾਰ ਦੇ ਫੋਨਾਂ ਦੀਆਂ ਅੰਦਾਜ਼ਨ ਕੀਮਤਾਂ ਦੇ ਨਾਲ ਇਕ ਸੂਚੀ ਜਾਰੀ ਕੀਤੀ ਹੈ। ਕੰਪਨੀ ਆਈਫੋਨ-11 ਪ੍ਰੋ ਮੈਕਸ ਲਈ ਅੰਦਾਜ਼ਨ 63,000 ਰੁਪਏ ਤੋਂ ਲੈ ਕੇ ਆਈਫੋਨ-5 ਐੱਸ ਲਈ 3,000 ਰੁਪਏ ਤੱਕ ਦੀ ਰੇਂਜ ਵਿਚਕਾਰ ਦਾ ਮੁੱਲ ਲਾ ਰਹੀ ਹੈ।

ਕੰਪਨੀ ਦੀ ਇਹ ਪੇਸ਼ਕਸ਼ ਸਿਰਫ ਆਈ. ਓ. ਐੱਸ. 'ਤੇ ਚੱਲਣ ਵਾਲੇ ਫੋਨਾਂ ਤੱਕ ਹੀ ਸੀਮਤ ਨਹੀਂ ਹੈ ਸਗੋਂ ਐਂਡ੍ਰਾਇਡ ਸਮਾਰਟ ਫੋਨਾਂ ਦਾ ਵੀ ਬਿਹਤਰ ਮੁੱਲ ਪ੍ਰਦਾਨ ਕਰ ਰਹੀ ਹੈ, ਜਿਸ 'ਚ ਮੌਜੂਦਾ ਸਮੇਂ ਸੈਮਸੰਗ ਅਤੇ ਵਨਪਲੱਸ ਸਮਾਰਟ ਫੋਨ ਸ਼ਾਮਲ ਹਨ। ਐਂਡ੍ਰਾਇਡ 'ਚ ਸਭ ਤੋਂ ਵੱਧ ਕੀਮਤ ਸੈਮਸੰਗ ਗਲੈਕਸੀ ਨੋਟ 10 ਪਲੱਸ ਦੀ ਲਾਈ ਗਈ ਹੈ, ਜੋ ਕਿ 36,320 ਰੁਪਏ ਹੈ। ਵਨਪਲੱਸ ਫੋਨਾਂ 'ਚ ਸਭ ਤੋਂ ਜ਼ਿਆਦਾ ਛੋਟ 19,170 ਰੁਪਏ ਉਸ ਦੇ 7-ਟੀ ਮਾਡਲ 'ਤੇ ਪੇਸ਼ ਕੀਤੀ ਗਈ ਹੈ। ਤੁਹਾਨੂੰ ਅਸਲ 'ਚ ਫੋਨ 'ਤੇ ਕਿੰਨੀ ਛੋਟ ਮਿਲੇਗੀ ਇਹ ਕਈ ਗੱਲਾਂ 'ਤੇ ਨਿਰਭਰ ਕਰੇਗਾ।

ਇਸ ਬਦਲ ਦਾ ਫਾਇਦਾ ਲੈਣ ਲਈ ਗਾਹਕ ਨੂੰ ਐਪਲ ਆਈਫੋਨ ਦੇ ਅਧਿਕਾਰਤ ਆਨਲਾਈਨ ਸਟੋਰ 'ਤੇ ਆਪਣੇ ਫੋਨ ਦਾ ਵੇਰਵਾ ਦੇਣਾ ਹੋਵੇਗਾ, ਜਿਵੇਂ ਕਿ ਸੀਰੀਅਲ ਨੰਬਰ, ਮਾਡਲ ਕਿਹੜਾ ਹੈ ਅਤੇ ਇਸ ਸਬੰਧੀ ਹੋਰ ਜਾਣਕਾਰੀ। ਡਲਿਵਰੀ ਸਮੇਂ ਸਟਾਫ ਵੱਲੋਂ ਤੁਹਾਡੀ ਜਾਣਕਾਰੀ ਦੀ ਜਾਂਚ ਕੀਤੀ ਜਾਵੇਗੀ, ਜੇਕਰ ਇਹ ਸਹੀ ਨਿਕਲਦੀ ਹੈ ਤਾਂ ਨਵਾਂ ਆਈਫੋਨ ਤੁਹਾਨੂੰ ਦੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਤੁਹਾਨੂੰ ਕੀਮਤ ਵਿਚਕਾਰ ਦੇ ਫਰਕ ਦਾ ਭੁਗਤਾਨ ਵੀ ਕਰਨਾ ਹੋਵੇਗਾ।

Sanjeev

This news is Content Editor Sanjeev