ਐਂਟੀਗੁਆ ਸਰਕਾਰ ਨੇ ਮੇਹੁਲ ਚੌਕਸੀ ਨੂੰ ਨਾਗਰਿਕਤਾ ਦੇਣ ਤੋਂ ਕੀਤਾ ਇਨਕਾਰ

06/25/2019 12:29:41 PM

ਬਿਜ਼ਨੈੱਸ ਡੈਸਕ —  ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਵਾਲੇ ਮੇਹੁਲ ਚੌਕਸੀ ਨੂੰ ਐਂਟੀਗੁਆ ਸਰਕਾਰ ਨੇ ਇਕ ਵੱਡਾ ਝਟਕਾ ਦਿੱਤਾ ਹੈ। ਐਂਟੀਗੁਆ ਦੇ ਪ੍ਰਧਾਨ ਮੰਤਰੀ ਨੇ ਚੌਕਸੀ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨਫੋਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ ਸ਼ਨੀਵਾਰ ਨੂੰ ਅਦਾਲਤ ਵਿਚ ਹਲਫਨਾਮਾ ਦਾਖਲ ਕਰਦੇ ਹੋਏ ਫਰਾਰ ਹੀਰਾ ਵਪਾਰੀ ਮੇਹੁਲ ਚੌਕਸੀ ਨੂੰ ਭਗੌੜਾ ਕਰਾਰ ਦੇਣ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਈ.ਡੀ. ਨੇ ਅਦਾਲਤ ਨੂੰ ਕਿਹਾ ਸੀ ਕਿ ਮੇਹੁਲ ਚੌਕਸੀ ਨੂੰ ਹਲਫਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਜਾਏ, ਤਾਂ ਜੋ ਉਹ ਜਲਦੀ ਤੋਂ ਜਲਦੀ ਭਾਰਤ ਵਾਪਸ ਆਉਣ ਦੀ ਨਿਸ਼ਚਿਤ ਤਾਰੀਖ ਦਾ ਜ਼ਿਕਰ ਕਰੇ।

ਇਸ ਦੌਰਾਨ ਈ.ਡੀ. ਨੇ ਕਿਹਾ ਸੀ ਕਿ ਮਾਮਲੇ ਦੀ ਜਾਂਚ 'ਚ ਮੇਹੁਲ ਚੌਕਸੀ ਨੇ ਕਦੇ ਸਹਿਯੋਗ ਨਹੀਂ ਕੀਤਾ। ਉਸਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਇਆ। ਇੰਨੀ ਹੀ ਨਹੀਂ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ। ਇਸ ਦੇ ਬਾਵਜੂਦ ਉਸਨੇ ਭਾਰਤ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ, ਇਸ ਲਈ ਉਹ ਭਗੌੜਾ ਹੈ। 
ਈ.ਡੀ. ਨੇ ਮੁੰਬਈ ਕੋਰਟ ਦੇ ਸਾਹਮਣੇ ਕਿਹਾ ਕਿ ਚੌਕਸੀ ਨੂੰ ਐਂਟੀਗੁਆ ਤੋਂ ਭਾਰਤ ਲਿਆਉਣ ਲਈ ਉਹ ਮੈਡੀਕਲ ਮਾਹਰਾਂ ਦੇ ਨਾਲ ਏਅਰ ਐਂਬੁਲੈਂਸ ਉਪਲੱਬਧ ਕਰਵਾਉਣ ਲਈ ਤਿਆਰ ਹੈ। ਭਾਰਤ ਵਿਚ ਉਸਦੇ ਇਲਾਜ ਲਈ ਸਾਰੀ ਵਿਵਸਥਾ ਵੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਚੌਕਸੀ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਈ.ਡੀ. ਵਲੋਂ ਅਦਾਲਤ ਵਿਚ ਦਾਇਰ ਉਸ ਅਰਜ਼ੀ ਨੂੰ ਰੱਦ ਕੀਤਾ ਜਾਵੇ ਜਿਸ ਵਿਚ ਉਸਨੂੰ ਇਕ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਹੈ।