ਸੰਕਟ ਦਾ ਸਾਹਮਣਾ ਕਰ ਰਹੀ Air India ਨੂੰ ਇਕ ਹੋਰ ਝਟਕਾ

02/11/2020 2:57:09 PM

ਮੁੰਬਈ — ਪਿਛਲੇ ਮਹੀਨੇ ਏਅਰਲਾਈਨ ਦਾ ਨਿੱਜੀਕਰਨ ਕਰਨ ਲਈ ਸਰਕਾਰ ਵਲੋਂ ਰੁਚੀ ਪੱਤਰ (ਈ. ਓ. ਆਈ.) ਜਾਰੀ ਕਰਨ ਤੋਂ ਬਾਅਦ ਏਅਰ ਇੰਡੀਆ ’ਚ ਟਿਕਟ ਬੁਕਿੰਗ ਨੂੰ ਲੈ ਕੇ ਲਗਭਗ 15 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਕਾਰਣ ਏਅਰ ਇੰਡੀਆ ਯਾਤਰੀਆਂ ਦਾ ਭਰੋਸਾ ਬਣਾਉਣ ਲਈ ਟਰੈਵਲ ਏਜੰਟਾਂ ਨਾਲ ਸੰਪਰਕ ਕਰ ਰਹੀ ਹੈ ਕਿ ਬੁਕਿੰਗ ’ਤੇ ਖਰਚ ਕੀਤਾ ਗਿਆ ਉਨ੍ਹਾਂ ਦਾ ਪੈਸਾ ਫਸ ਨਹੀਂ ਜਾਵੇਗਾ ਕਿਉਂਕਿ ਏਅਰਲਾਈਨ ਦੇ ਨਿੱਜੀਕਰਨ ਤੋਂ ਬਾਅਦ ਸਿਰਫ ਮਾਲਕ ਬਦਲ ਜਾਵੇਗਾ।

ਏਅਰ ਇੰਡੀਆ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਹਵਾਈ ਯਾਤਰਾ ਲਈ ਗਰਮੀਆਂ ਦੀਆਂ ਛੁੱਟੀਆਂ ਪੀਰੀਅਡਸ ’ਚੋਂ ਇਕ ਹਨ। ਹਾਲਾਂਕਿ ਮਾਰਚ ਤੱਕ ਕੀਤੀ ਗਈ ਬੁਕਿੰਗ ਦੇ ਅੰਕੜਿਆਂ ਅਨੁਸਾਰ ਏਅਰਲਾਈਨ ਨੇ ਯਾਤਰੀਆਂ ਦੀ ਕਾਫ਼ੀ ਗਿਣਤੀ ਗੁਆ ਲਈ ਹੈ, ਜੋ ਪ੍ਰਬੰਧਨ ਲਈ ਚਿੰਤਾ ਦਾ ਵਿਸ਼ਾ ਹੈ। ਏਅਰ ਇੰਡੀਆ ਦੇ ਬੁਲਾਰੇ ਧਨੰਜੈ ਕੁਮਾਰ ਨੇ ਕਿਹਾ ਕਿ ਜਿਵੇਂ ਕ‌ਿ ਏਅਰਲਾਈਨ ਲਈ ਵਿਨਿਵੇਸ਼ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਕੰਪਨੀ ਦਾ ਮਾਲਕ ਛੇਤੀ ਹੀ ਬਦਲ ਸਕਦਾ ਹੈ ਪਰ ਏਅਰਲਾਈਨ ਉਡਾਣ ਭਰਦੀ ਰਹੇਗੀ। ਕੁਮਾਰ ਨੇ ਕਿਹਾ, ‘‘ਸਾਡੇ ਸਨਮਾਨਿਤ ਯਾਤਰੀਆਂ ਨੂੰ ਭਰੋਸੇ ’ਚ ਲੈਣ ਅਤੇ ਬਾਜ਼ਾਰ ’ਚ ਇਕ ਹਾਂ-ਪੱਖੀ ਚਰਚਾ ਦਾ ਨਿਰਮਾਣ ਕਰਨ ਲਈ ਏਅਰਲਾਈਨ ਨੇ ਟਰੈਵਲ ਏਜੰਟਾਂ ਤੱਕ ਪੁੱਜਣ ਲਈ ਇਕ ਕਦਮ ਚੁੱਕਿਆ ਹੈ।’’

ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਏਅਰਲਾਈਨ ਮੈਟਰੋ ਸ਼ਹਿਰਾਂ ਤੋਂ ਸਮੁੱਚੀ ਬੁਕਿੰਗ ਵੇਖਦੀ ਹੈ, ਇਸ ਨੇ ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ, ਚੇਨਈ ਅਤੇ ਬੇਂਗਲੁਰੂ ’ਚ ਏਜੰਟਾਂ ਦੇ ਕੋਲ ਜਾਣ ਲਈ ਧਿਆਨ ਕੇਂਦਰਿਤ ਕੀਤਾ ਹੈ। ਦਿੱਲੀ ਅਤੇ ਮੁੰਬਈ ’ਚ ਪ੍ਰਮੁੱਖ ਟਰੈਵਲ ਏਜੰਟਾਂ ਦੇ ਨਾਲ ਬੈਠਕ ਪਿਛਲੇ ਮਹੀਨੇ ਆਯੋਜਿਤ ਕੀਤੀ ਗਈ ਸੀ। ਟਰੈਵਲ ਏਜੰਟਾਂ ਨੇ ਯਾਤਰੀਆਂ ਦੇ ਸ਼ੱਕ ਅਤੇ ਆਉਣ ਵਾਲੇ ਮਹੀਨਿਆਂ ’ਚ ਸੰਚਾਲਨ ਜਾਰੀ ਰੱਖਣ ਲਈ ਏਅਰਲਾਈਨ ਦੀ ਸਮਰੱਥਾ ’ਚ ਉਨ੍ਹਾਂ ਦੇ ਅਵਿਸ਼ਵਾਸ ਬਾਰੇ ਗੱਲ ਕੀਤੀ। ਇਸ ਕਾਰਣ ਯਾਤਰੀ ਰਾਸ਼ਟਰੀ ਵਾਹਕ ਦੇ ਨਾਲ ਟਿਕਟ ਬੁੱਕ ਨਹੀਂ ਕਰ ਰਹੇ ਹਨ।

ਏਅਰਲਾਈਨ ਦੀ ਯੋਜਨਾ ਕੌਮਾਂਤਰੀ ਟਰੈਵਲ ਏਜੰਟਾਂ ਨਾਲ ਬੈਠਕਾਂ ਕਰਨ ਦੀ

ਮੈਟਰੋ ਸ਼ਹਿਰਾਂ ’ਚ ਟਰੈਵਲ ਏਜੰਟਾਂ ਨੂੰ ਮਿਲਣ ਤੋਂ ਬਾਅਦ ਏਅਰਲਾਈਨ ਦੀ ਯੋਜਨਾ ਕੌਮਾਂਤਰੀ ਟਰੈਵਲ ਏਜੰਟਾਂ ਨਾਲ ਇਸੇ ਤਰ੍ਹਾਂ ਦੀਆਂ ਬੈਠਕਾਂ ਆਯੋਜਿਤ ਕਰਨ ਦੀ ਹੈ। ਏਅਰ ਇੰਡੀਆ ’ਤੇ ਲਗਭਗ 60,000 ਕਰੋਡ਼ ਰੁਪਏ ਦਾ ਕਰਜ਼ਾ ਜਮ੍ਹਾ ਹੈ। ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਨਵਰੀ ’ਚ ਰਾਸ਼ਟਰੀ ਏਅਰਲਾਈਨ ਦੀ ਹਾਲਤ ਨੂੰ ‘ਬਹੁਤ ਨਾਜ਼ੁਕ’ ਦੱਸਿਆ ਸੀ। ਪੁਰੀ ਨੇ ਇਹ ਵੀ ਕਿਹਾ ਸੀ ਕਿ 2018 ’ਚ ਏਅਰਲਾਈਨ ਦੇ ਬਹੁਮਤ ਦੇ ਦਾਅ ਨੂੰ ਵੇਚਣ ’ਚ ਅਸਫਲ ਰਹਿਣ ਤੋਂ ਬਾਅਦ ਸਰਕਾਰ ਨੇ ਇਸ ਵਾਰ ਮਹੱਤਵਪੂਰਨ ਖੇਤਰਾਂ ’ਤੇ ਕੰਮ ਕੀਤਾ ਹੈ ਤਾਂ ਕਿ ਵਿਨਿਵੇਸ਼ ਬੋਲੀ ਨੂੰ ਭਾਵੀ ਬੋਲੀਦਾਤਿਆਂ ਲਈ ਜ਼ਿਆਦਾ ਆਕਰਸ਼ਕ ਬਣਾਇਆ ਜਾ ਸਕੇ।


Related News