4 ਗੁਣਾ ਵਧਿਆ ਅਨਿਲ ਅੰਬਾਨੀ ਦੀ ਕੰਪਨੀ ਦਾ ਮੁਨਾਫਾ, ਸ਼ੇਅਰਾਂ ''ਚ 7 ਫੀਸਦੀ ਦਾ ਉਛਾਲ

08/16/2019 5:27:52 PM

ਮੁੰਬਈ — ਅਨਿਲ ਅੰਬਾਨੀ ਦੀ ਮਾਲਕੀ ਵਾਲੀ ਕੰਪਨੀ ਰਿਲਾਇੰਸ ਕੈਪੀਟਲ ਨੂੰ ਅਪ੍ਰੈਲ-ਜੂਨ ਤਿਮਾਹੀ ਵਿਚ ਜ਼ਬਰਦਸਤ ਮੁਨਾਫਾ ਹੋਇਆ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਰਿਲਾਇੰਸ ਕੈਪੀਟਲ ਦਾ ਇਨਟੈਗਰੇਟਿਡ ਸ਼ੁੱਧ ਲਾਭ 4 ਗੁਣਾ ਵਧ ਕੇ 1,218 ਕਰੋੜ ਰੁਪਏ ਪਹੁੰਚ ਗਿਆ ਹੈ। ਕੰਪਨੀ ਦੀ ਆਮਦਨ ਵਧਣ ਕਾਰਨ ਮੁਨਾਫੇ 'ਚ ਵਾਧਾ ਹੋਇਆ ਹੈ। ਮੁਨਾਫਾ ਵਧਣ ਦੀਆਂ ਖਬਰਾਂ ਨਾਲ ਕੰਪਨੀ ਦੇ ਸ਼ੇਅਰਾਂ ਵਿਚ ਵੀ 7 ਫੀਸਦੀ ਤੋਂ ਜ਼ਿਆਦਾ ਦਾ ਉਛਾਲ ਦਰਜ ਕੀਤਾ ਗਿਆ ਹੈ।

ਕਮਾਈ 'ਚ 31 ਫੀਸਦੀ ਦਾ ਵਾਧਾ

ਵਿੱਤੀ ਸਾਲ 2019-20 ਦੀ ਅਪ੍ਰੈਲ-ਤਿਮਾਹੀ 'ਚ ਅਨਿਲ ਦੀ ਕੁੱਲ ਆਮਦਨ 6083 ਕਰੋੜ ਰੁਪਏ ਰਹੀ ਹੈ, ਜਿਹੜੀ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 31 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਅਪ੍ਰੈਲ-ਜੂਨ ਤਿਮਾਹੀ 'ਚ ਕੰਪਨੀ ਦੀ ਕੁੱਲ ਕਮਾਈ 4,641 ਕਰੋੜ ਰੁਪਏ ਰਹੀ ਸੀ। ਹਾਲਾਂਕਿ ਇਸ ਮਿਆਦ 'ਚ ਕੰਪਨੀ ਦੇ ਕੁੱਲ ਐਸੇਟ 'ਚ ਕਮੀ ਦਰਜ ਕੀਤੀ ਗਈ ਹੈ। 30 ਜੂਨ 2019 ਨੂੰ ਖਤਮ ਤਿਮਾਹੀ 'ਤੇ ਰਿਲਾਇੰਸ ਕੈਪੀਟਲ ਕੋਲ ਕੁੱਲ 79,207 ਕਰੋੜ ਰੁਪਏ ਦੇ ਐਸੇਟਸ ਸਨ, ਜਦੋਂਕਿ ਪਿਛਲੇ ਸਾਲ ਇਸੇ ਮਿਆਦ 'ਚ ਕੰਪਨੀ ਕੋਲ 83,973 ਕਰੋੜ ਰੁਪਏ ਦੇ ਐਸੇਟਸ ਸਨ।

ਸ਼ੇਅਰਾਂ 'ਚ ਉਛਾਲ

ਮੁਨਾਫੇ 'ਚ ਚਾਰ ਗੁਣਾ ਦੇ ਵਾਧੇ ਦੇ ਬਾਅਦ ਕੰਪਨੀ ਦੇ ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਬੰਬਈ ਸਟਾਕ ਐਕਸਚੇਂਜ ਦੇ ਸੈਂਸੈਕਸ 'ਚ ਕੰਪਨੀ ਦੇ ਸ਼ੇਅਰ 7.14 ਫੀਸਦੀ ਦੇ ਉਛਾਲ ਨਾਲ 50.25 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਸਨ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ 'ਚ 7.58 ਫੀਸਦੀ ਦੇ ਉਛਾਲ ਨਾਲ 50.40 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਰਿਲਾਇੰਸ ਕੈਪੀਟਲ ਐਸੇਟ ਮੈਨੇਜਮੈਂਟ ਅਤੇ ਮਿਊਚੁਅਲ ਫੰਡ, ਪੈਨਸ਼ਨ ਫੰਡਸ, ਬੀਮਾ, ਫਾਇਨਾਂਸ, ਸਟਾਕ ਬ੍ਰੋਕਿੰਗ, ਵਿੱਤੀ ਉਤਪਾਦਾਂ ਦੀ ਵੰਡ, ਜਾਇਦਾਦ 'ਚ ਨਿਵੇਸ਼ ਸਮੇਤ ਕਈ ਤਰ੍ਹਾਂ ਦੀਆਂ ਵਿੱਤੀ ਸੇਵਾਵਾਂ ਉਪਲੱਬਧ ਕਰਵਾਉਂਦੀ ਹੈ।


Related News