ਭਾਰਤ ਦੇ 5 ਸਭ ਤੋਂ ਕੀਮਤੀ ਬ੍ਰਾਂਡਾਂ ’ਚੋਂ TCS ਟੌਪ ’ਤੇ, 2 ਬ੍ਰਾਂਡ ਰਿਲਾਇੰਸ ਸਮੂਹ ਦੇ

06/03/2023 1:46:41 PM

ਨਵੀਂ ਦਿੱਲੀ (ਯੂ. ਐੱਨ. ਆਈ.) – ਦੁਨੀਆ ਦੀ ਮੋਹਰੀ ਬ੍ਰਾਂਡ ਕੰਸਲਟੈਂਸੀ ਕੰਪਨੀ ਇੰਟਰਬ੍ਰਾਂਡ ਦੀ ਤਾਜ਼ੀ ਰਿਪੋਰਟ ’ਚ ਟਾਟਾ ਸਮੂਹ ਦੀ ਕੰਪਨੀ ਟੀ. ਸੀ. ਐੱਸ. ਭਾਰਤ ’ਚ ਸਭ ਤੋਂ ਕੀਮਤੀ ਬ੍ਰਾਂਡ ’ਚ ਅਤੇ ਪਹਿਲੇ ਪੰਜ ’ਚ ਰਿਲਾਇੰਸ ਸਮੂਹ ਦੇ ਦੋ ਬ੍ਰਾਂਡ-ਰਿਲਾਇੰਸ ਅਤੇ ਜੀਓ ਨੂੰ ਵੀ ਰੱਖਿਆ ਗਿਆ ਹੈ। ਇੰਟਰਬ੍ਰਾਂਡ ਨੇ ਭਾਰਤ ਦੇ ਟੌਪ-50 ਸਭ ਤੋਂ ਕੀਮਤੀ ਬ੍ਰਾਂਡਾਂ ਦੀ ਲਿਸਟ ਜਾਰੀ ਕੀਤੀ ਹੈ। 1,09,576 ਕਰੋੜ ਰੁਪਏ ਦੇ ਬ੍ਰਾਂਡ ਮੁੱਲ ਵਾਲੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਸਭ ਤੋਂ ਉੱਪਰ ਹੈ। ਚੋਟੀ ਦੇ ਪੰਜ ਬ੍ਰਾਂਡ ’ਚੋਂ ਇੰਫੋਸਿਸ, ਐੱਚ. ਡੀ. ਐੱਫ. ਸੀ. ਦਾ ਵੀ ਨਾਂ ਹੈ।

ਇਹ ਵੀ ਪੜ੍ਹੋ : ਤੇਜ਼ੀ ਨਾਲ ਜਾਰੀ ਹੋ ਰਹੇ ਇਨਕਮ ਟੈਕਸ ‘ਰਿਫੰਡ’, ਟੈਕਸਦਾਤਿਆਂ ਲਈ ‘ਕਾਰੋਬਾਰੀ ਸੌਖ’ ਬਣਾਈ ਜਾ ਰਹੀ ਯਕੀਨੀ

ਸੂਚੀ ’ਚ ਐੱਸ. ਬੀ. ਆਈ. ਅਤੇ ਆਈ. ਸੀ. ਆਈ. ਸੀ. ਆਈ. ਕ੍ਰਮਵਾਰ ਨੌਵੇਂ ਅਤੇ ਦਸਵੇਂ ਸਥਾਨ ’ਤੇ ਹੈ। ਇੰਟਰਬ੍ਰਾਂਡ ਦੀ ਇਸ ਸੂਚੀ ’ਚ ਅਰਬਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲਾ ਰਿਲਾਇੰਸ ਦੂਜੇ ਸਥਾਨ ’ਤੇ ਅਤੇ ਰਿਲਾਇੰਸ ਉਦਯੋਗ ਸਮੂਹ ਦਾ ਇਕ ਹੋਰ ਬ੍ਰਾਂਡ ਜੀਓ ਪੰਜਵੇਂ ਸਥਾਨ ’ਤੇ ਰੱਖਿਆ ਗਿਆ ਹੈ। ਰਿਲਾਇੰਸ ਦਾ ਬ੍ਰਾਂਡ ਮੁੱਲ 65,320 ਕਰੋੜ ਰੁਪਏ ਅਤੇ ਜੀਓ ਦਾ ਬ੍ਰਾਂਡ ਮੁੱਲ 49,027 ਕਰੋੜ ਰੁਪਏ ਰੱਖਿਆ ਗਿਆ ਹੈ। ਆਈ. ਟੀ. ਕੰਪਨੀ ਇੰਫੋਸਿਸ 53,323 ਕਰੋੜ ਦੇ ਬ੍ਰਾਂਡ ਵੈਲਿਊ ਨਾਲ ਤੀਜੇ ਅਤੇ ਦੇਸ਼ ਦੇ ਚੋਟੀ ਦੇ ਪ੍ਰਾਈਵੇਟ ਬੈਂਕ ਐੱਚ. ਡੀ. ਐੱਫ. ਸੀ. 50,291 ਕਰੋੜ ਰੁਪਏ ਦੇ ਬ੍ਰਾਂਡ ਵੈਲਿਊ ਨਾਲ ਚੌਥੇ ਸਥਾਨ ’ਤੇ ਹੈ। ਮੋਬਾਇਲ ਅਤੇ ਡਿਜੀਟਲ ਖੇਤਰ ਦੀ ਕੰਪਨੀ ਜੀਓ ਪਹਿਲੀ ਵਾਰ ਇਸ ਸੂਚੀ ’ਚ ਸ਼ਾਮਲ ਹੈ ਅਤੇ ਇਸ ਖੇਤਰ ਦਾ ਇਕ ਪ੍ਰਮੁੱਖ ਬ੍ਰਾਂਡ ਏਅਰਟੈੱਲ ਛੇਵੇਂ ਨੰਬਰ ’ਤੇ ਹੈ।

ਇੰਟਰਬ੍ਰਾਂਡ ਦੇ ਅੰਕੜਿਆਂ ਤੋਂ ਖੁਲਾਸਾ ਹੋਇਆ ਹੈ ਕਿ ਲਿਸਟ ’ਚ ਸ਼ਾਮਲ 50 ਕੰਪਨੀਆਂ ਦਾ ਕੁੱਲ ਬ੍ਰਾਂਡ ਮੁਲਾਂਕਣ ਪਹਿਲੀ ਵਾਰ 100 ਅਰਬ ਡਾਲਰ (8245 ਅਰਬ ਰੁਪਏ) ਨੂੰ ਪਾਰ ਕਰ ਗਿਆ ਹੈ। ਇਨ੍ਹਾਂ ਤੋਂ ਇਲਾਵਾ ਟਾਟਾ, ਅਡਾਨੀ, ਮਾਰੂਤੀ ਸੁਜ਼ੂਕੀ, ਆਈ. ਟੀ. ਸੀ., ਬਜਾਜ ਆਟੋ, ਅਮੂਲ, ਡਾਬਰ, ਪਤੰਜਲੀ ਅਤੇ ਬ੍ਰਿਟਾਨੀਆ ਵਰਗੇ ਬ੍ਰਾਂਡ ਵੀ ਪਹਿਲੇ 50 ਦੀ ਲਿਸਟ ’ਚ ਸ਼ਾਮਲ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ’ਚ 37.97 ਫੀਸਦੀ ਦੀ ਰਿਕਾਰਡ ਉਚਾਈ ’ਤੇ ਪੁੱਜੀ ਮਹਿੰਗਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur