ਐਮਾਜ਼ੋਨ ਦੇ CEO ਜੇਫ ਬੇਜੋਸ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

07/17/2018 10:02:02 AM

ਨਵੀਂ ਦਿੱਲੀ — ਐਮਾਜ਼ੋਨ ਡਾਟ ਕਾਮ ਇੰਕ ਦੇ ਸੰਸਥਾਪਕ ਜੇਫ ਬੇਜੋਸ ਆਧੁਨਿਕ ਇਤਿਹਾਸ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 150 ਅਰਬ ਡਾਲਰ ਨੂੰ ਪਾਰ ਕਰ ਗਈ ਹੈ। 
ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਮਾਈਕ੍ਰੋਸਾਫਟ ਕਾਰਪ ਦੇ ਸਹਿ-ਸੰਸਥਾਪਕ ਬਿਲ ਗੇਟਸ ਤੋਂ ਉਨ੍ਹਾਂ ਦੀ ਜਾਇਦਾਦ 55 ਅਰਬ ਡਾਲਰ ਜ਼ਿਆਦਾ ਹੈ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਦੇ ਮੁਤਾਬਕ ਮਹਿੰਗਾਈ ਅਡਜਸਟਿਡ ਡੇਟਾ ਦੇ ਆਧਾਰ 'ਤੇ ਵੀ 54 ਸਾਲ ਦੇ ਬੇਜੋਸ ਅੱਗੇ ਵਧ ਗਏ ਹਨ।
ਬਿਲ ਗੇਟਸ ਦੀ ਜਾਇਦਾਦ ਸਾਲ 1999 'ਚ ਕੁਝ ਸਮੇਂ ਲਈ 100 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਇਸ ਨੂੰ ਜੇਕਰ ਮੁਦਰਾਸਫਿਤੀ ਨਾਲ ਵਿਵਸਥਿਤ ਕਰਕੇ ਅੱਜ ਦੇਖਿਆ ਜਾਵੇ ਤਾਂ ਇਹ ਕਰੀਬ 149 ਅਰਬ ਡਾਲਰ ਹੋਵੇਗਾ। ਇਸ ਤਰ੍ਹਾਂ ਐਮਾਜ਼ੋਨ ਦੇ ਸੀ.ਈ.ਓ. ਬੇਜੋਸ ਘੱਟ ਤੋਂ ਘੱਟ 1982 ਤੋਂ ਹੁਣ ਤੱਕ ਦੇ ਇਤਿਹਾਸ 'ਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ, ਜਦੋਂ ਤੋਂ ਫੋਰਬਸ ਨੇ ਹਰ ਸਾਲ ਅਮੀਰ ਲੋਕਾਂ ਦੀ ਸੂਚੀ ਪ੍ਰਕਾਸ਼ਿਤ ਕਰਨੀ ਸ਼ੁਰੂ ਕੀਤੀ ਹੈ।


ਬਲੂਮਬਰਗ ਇੰਡੈਕਸ ਮੁਤਾਬਕ ਬੇਜੋਸ ਤੋਂ ਬਾਅਦ ਬਿਲ ਗੇਟਸ 95.5 ਅਰਬ ਡਾਲਰ ਨਾਲ ਦੂਜੇ ਅਤੇ ਵਾਰੇਨ ਬਫੇਟ 83 ਅਰਬ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ 'ਤੇ ਹਨ। ਹਾਲਾਂਕਿ ਸੱਚ ਇਹ ਵੀ ਹੈ ਕਿ ਬਿਲ ਗੇਟਸ ਨੇ ਜੇਕਰ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨੂੰ ਦਾਨ ਨਾ ਦਿੱਤਾ ਹੁੰਦਾ ਤਾਂ ਉਨ੍ਹਾਂ ਦੀ ਜਾਇਦਾਦ 150 ਅਰਬ ਡਾਲਰ ਦੇ ਪਾਰ  ਹੁੰਦੀ।
ਵਾਸਤਵ 'ਚ ਐਮਾਜ਼ੋਨ ਪ੍ਰਾਈਮ ਡੇਅ ਦੀ 36 ਘੰਟੇ ਦੀ ਸਮਰ ਸੇਲ ਦੌਰਾਨ ਹੋਈ ਜ਼ਬਰਦਸਤ ਆਮਦਨੀ ਕਾਰਨ ਬੇਜੋਸ ਦੀ ਜਾਇਦਾਦ 'ਚ ਕਾਫੀ ਵਾਧਾ ਹੋਇਆ ਹੈ। ਨਿਊਯਾਰਕ ਸਟਾਕ ਐਕਸਚੇਂਜ 'ਚ ਸੋਮਵਾਰ ਨੂੰ ਸਵੇਰੇ 11.10 ਵਜੇ ਕੰਪਨੀ ਦੇ ਸ਼ੇਅਰ ਦੀ ਕੀਮਤ 1,825.73 ਡਾਲਰ ਤੱਕ ਪਹੁੰਚ ਗਈ। ਇਸ ਤਰ੍ਹਾਂ ਸਾਲ 2018 'ਚ ਕੰਪਨੀ ਦੇ ਸ਼ੇਅਰ ਦੀ ਕੀਮਤ 56 ਫੀਸਦੀ ਤੱਕ ਵਧ ਚੁੱਕੀ ਹੈ ਅਤੇ ਜੋਸੇਫ ਬੇਜੋਸ ਦਾ ਆਪਣਾ ਨੈੱਟਵਰਥ ਵਧ ਕੇ 150.8 ਅਰਬ ਡਾਲਰ ਤੱਕ ਪਹੁੰਚ ਗਿਆ ਹੈ।

ਇਕ ਸਾਲ 'ਚ ਵਧੀ ਮੁਕੇਸ਼ ਅੰਬਾਨੀ ਜਿੰਨੀ ਜਾਇਦਾਦ
ਮੁਕੇਸ਼ ਅੰਬਾਨੀ ਦੀ ਜਿੰਨੀ ਕੁੱਲ ਜਾਇਦਾਦ ਹੈ ਉਸ ਤੋਂ ਜ਼ਿਆਦਾ ਤਾਂ ਜੋਸੇਫ ਦੀ ਇਕ ਸਾਲ 'ਚ 52 ਅਰਬ ਡਾਲਰ ਜਾਇਦਾਦ ਵਧ ਚੁੱਕੀ ਹੈ। ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 44.3 ਅਰਬ ਡਾਲਰ ਹੈ। ਵੈਸੇ ਜੇਕਰ ਕਿਸੇ ਪੂਰੇ ਪਰਿਵਾਰ ਦੀ ਗੱਲ ਕਰੀਏ ਤਾਂ 151.5 ਅਰਬ ਡਾਲਰ ਦੀ ਜਾਇਦਾਦ ਨਾਲ ਵਾਲਟਨ ਪਰਿਵਾਰ ਦੁਨੀਆ ਦਾ ਸਭ ਤੋਂ ਅਮੀਰ ਰਾਜਵੰਸ਼ ਹੈ।
ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਅਨੁਸਾਰ ਸਾਲ 2016 'ਚ ਅਮਰੀਕਾ ਦੇ 1 ਫੀਸਦੀ ਪਰਿਵਾਰਾਂ ਕੋਲ ਕਰੀਬ 38.6 ਫੀਸਦੀ ਜਾਇਦਾਦ ਸੀ, ਜਦੋਂਕਿ ਬਾਕੀ ਦੀ 90 ਫੀਸਦੀ ਲੋਕਾਂ ਕੋਲ ਸਿਰਫ 22.8 ਫੀਸਦੀ ਜਾਇਦਾਦ ਸੀ।