Amazon ਭਾਰਤ ''ਚ ਜੂਨ 2020 ਤੱਕ ਸਿੰਗਲ-ਯੂਜ਼ ਪਲਾਸਟਿਕ ਦਾ ਇਸਤੇਮਾਲ ਕਰੇਗੀ ਬੰਦ

09/04/2019 5:20:33 PM

ਨਵੀਂ ਦਿੱਲੀ — ਅਮਰੀਕਾ ਦੀ ਈ-ਕਾਮਰਸ ਕੰਪਨੀ ਐਮਾਜ਼ੋਨ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ 'ਚ ਪੈਕੇਜਿੰਗ ਲਈ ਜੂਨ 2020 ਤੱਕ ਸਿੰਗਲ-ਯੂਜ਼ ਪਲਾਸਟਿਕ ਦੇ ਇਸਤੇਮਾਲ ਨੂੰ ਬੰਦ ਕਰ ਦੇਵੇਗੀ। ਇਸ ਦੇ ਬਦਲੇ ਪੇਪਰ ਕੁਸ਼ਨ ਤੋਂ ਕੰਮ ਲਿਆ ਜਾਵੇਗਾ। ਨਿਊਜ਼ ਏਜੰਸੀ ਰਾਇਟਰਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਵਾਤਾਵਰਣ 'ਚ ਫੈਲ ਰਹੇ ਪ੍ਰਦੂਸ਼ਣ ਦੇ ਖਿਲਾਫ ਮੁਹਿੰਮ 'ਚ ਪ੍ਰਮੁੱਖ ਕੰਪਨੀਆਂ ਅੱਗੇ ਆ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਪਲਾਸਟਿਕ ਬੈਗ, ਕੱਪ ਅਤੇ ਸਟ੍ਰਾਅ 'ਤੇ ਰੋਕ ਲਗਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਪੈਕੇਜਿੰਗ 'ਚ ਬਹੁਤ ਜ਼ਿਆਦਾ ਪਲਾਸਟਿਕ ਅਤੇ ਥਰਮੋਕਾਲ ਦੇ ਇਸਤੇਮਾਲ ਕਾਰਨ ਐਮਾਜ਼ੋਨ ਦੀ ਨਿੰਦਾ ਹੁੰਦੀ ਆ ਰਹੀ ਹੈ। ਹੁਣ ਕੰਪਨੀ ਦਾ ਕਹਿਣਾ ਹੈ ਕਿ ਵਾਤਾਵਰਣ ਲਈ ਸੁਰੱਖਿਅਤ ਪੈਕੇਜਿੰਗ ਸਮੱਗਰੀ ਜਿਹੜੀ ਕਿ ਪੂਰੀ ਤਰ੍ਹਾਂ ਨਾਲ ਰੀਸਾਈਕਲ ਕਰਨ ਯੋਗ ਹੋਵੇਗੀ ਉਸ ਸਮੱਗਰੀ ਤੋਂ ਕੰਮ ਲਿਆ ਜਾਵੇਗਾ।
ਪਿਛਲੇ ਹਫਤੇ ਫਲਿੱਪਕਾਰਟ ਨੇ ਕਿਹਾ ਸੀ ਕਿ ਉਸਨੇ ਸਿੰਗਲ-ਯੂਜ਼ ਪਲਾਸਟਿਕ ਦਾ ਇਸਤੇਮਾਲ 25 ਫੀਸਦੀ ਘੱਟ ਕਰ ਦਿੱਤਾ ਹੈ। ਮਾਰਚ 2021 ਤੱਕ ਪੂਰੀ ਤਰ੍ਹਾਂ ਨਾਲ ਰੀਸਾਈਕਲ ਪਲਾਸਟਿਕ ਦੇ ਇਸਤੇਮਾਲ ਦੀ ਯੋਜਨਾ ਹੈ।