ਐਮਾਜ਼ੋਨ 'ਤੇ ਸੈਨੇਟਾਈਜ਼ਰ ਸਮੇਤ 42 ਚੀਜ਼ਾਂ ਨੂੰ 4 ਗੁਣਾ ਮਹਿੰਗਾ ਵੇਚਣ ਦਾ ਦੋਸ਼

09/14/2020 10:26:10 PM

ਨਵੀਂ ਦਿੱਲੀ— ਈ-ਕਾਮਰਸ ਕੰਪਨੀ ਐਮਾਜ਼ੋਨ 'ਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਚਾਰ ਗੁਣਾ ਵਧੇਰੇ ਮਹਿੰਗੇ ਰੇਟ 'ਤੇ ਚੀਜ਼ਾਂ ਵੇਚਣ ਦਾ ਇਲਜ਼ਾਮ ਹੈ।

ਇਲਜ਼ਾਮ ਹੈ ਕੋਵਿਡ-19 ਦੌਰਾਨ ਐਮਾਜ਼ੋਨ ਨੇ ਬਹੁਤ ਸਾਰੇ ਜ਼ਰੂਰੀ ਉਤਪਾਦਾਂ ਜਿਵੇਂ ਕਿ ਟਾਇਲਟ ਪੇਪਰ, ਹੈਂਡ ਸੈਨੀਟਾਈਜ਼ਰ ਲਈ ਵਧੇਰੇ ਚਾਰਜ ਕੀਤਾ ਹੈ।

ਇਹ ਖੁਲਾਸਾ ਖਪਤਕਾਰਾਂ ਦੇ ਅਧਿਕਾਰਾਂ 'ਤੇ ਗੱਲ ਕਰਨ ਵਾਲੀ ਇਕ ਅਮਰੀਕੀ ਸੰਸਥਾ ਪਬਲਿਕ ਸਿਟੀਜ਼ਨ ਦੀ ਰਿਪੋਰਟ 'ਚ ਹੋਇਆ ਹੈ। ਰਿਪੋਰਟ 'ਚ 42 ਤੋਂ ਵੱਧ ਉਤਪਾਦਾਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਗਾਹਕਾਂ ਨੂੰ ਮਹਿੰਗੇ ਮੁੱਲ 'ਤੇ ਵੇਚੇ ਗਏ ਹਨ। ਰਿਪੋਰਟ ਮੁਤਾਬਕ, ਹੈਂਡ ਸੈਨੇਟਾਈਜ਼ਰ ਲਈ 48 ਫੀਸਦੀ ਤੋਂ ਵੱਧ ਪੈਸੇ ਚਾਰਜ ਕੀਤੇ ਗਏ ਹਨ। ਡਿਸਪੋਜੇਬਲ ਫੇਸ ਮਾਸਕ ਦੇ ਪੈਕ ਦੀ ਕੀਮਤ 900 ਤੋਂ ਲੈ ਕੇ 1000 ਫੀਸਦੀ ਤੱਕ ਜ਼ਿਆਦਾ ਲਗਾਈ ਗਈ ਹੈ। ਇਕ ਬੋਤਲ ਐਂਟੀ ਬੈਕਟੀਰੀਅਲ ਸਾਬਣ ਨੂੰ ਐਮਾਜ਼ੋਨ ਨੇ 511 ਰੁਪਏ 'ਚ ਵੇਚਿਆ, ਜਦੋਂ ਕਿ ਦੂਜੇ ਰਿਟੇਲਰਸ ਨੇ ਇਸ ਨੂੰ 470 ਫੀਸਦੀ ਘੱਟ ਯਾਨੀ 138 ਰੁਪਏ 'ਚ ਵੇਚਿਆ। ਰਿਪੋਰਟ ਦਾ ਕਹਿਣਾ ਹੈ ਕਿ ਮਈ ਤੋਂ ਲੈ ਕੇ ਅਗਸਤ ਤੱਕ ਕੁਝ ਜ਼ਰੂਰੀ ਚੀਜ਼ਾਂ ਨੂੰ ਐਮਾਜ਼ੋਨ ਨੇ ਚਾਰ ਗੁਣਾ ਮਹਿੰਗੇ ਰੇਟ 'ਤੇ ਵੇਚਿਆ ਹੈ।

ਉੱਥੇ ਹੀ, ਐਮਾਜ਼ੋਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਸਾਡੀਆਂ ਸੇਵਾਵਾਂ 'ਤੇ ਅਤੇ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸਿੱਧੇ ਵੇਚਦੇ ਹਾਂ ਉਨ੍ਹਾਂ 'ਤੇ ਕੀਮਤਾਂ ਨੂੰ ਲੈ ਕੇ ਹੇਰਾਫੇਰੀ ਨਹੀਂ ਹੁੰਦੀ ਹੈ। ਸਾਡਾ ਸਿਸਟਮ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਗਾਹਕਾਂ ਨੂੰ ਚੰਗੀਆਂ ਕੀਮਤਾਂ 'ਤੇ ਆਨਲਾਈਨ ਉਤਪਾਦ ਮਿਲਣ। ਜੇਕਰ ਕੋਈ ਗਲਤੀ ਹੁੰਦੀ ਹੈ ਤਾਂ ਅਸੀਂ ਤੁਰੰਤ ਸੁਲਝਾਉਂਦੇ ਹਾਂ।

Sanjeev

This news is Content Editor Sanjeev