ਐਮਾਜ਼ੋਨ ਪ੍ਰਾਈਮ ''ਤੇ ਮਿਲੇਗਾ ਬਾਲੀਵੁੱਡ ਬਲਾਕਬਸਟਰ ਫਿਲਮਾਂ ਦਾ ਅੰਬਾਰ

10/30/2018 3:58:37 PM

ਨਵੀਂ ਦਿੱਲੀ— ਵੀਡੀਓ ਸਟ੍ਰੀਮਿੰਗ ਐਮਾਜ਼ੋਨ ਪ੍ਰਾਈਮ 'ਤੇ ਇਸ ਵਾਰ ਬਾਲੀਵੁੱਡ ਬਲਾਕਬਸਟਰ ਫਿਲਮਾਂ ਦਾ ਅੰਬਾਰ ਦੇਖਣ ਨੂੰ ਮਿਲ ਸਕਦਾ ਹੈ। ਐਮਾਜ਼ੋਨ ਪ੍ਰਾਈਮ ਬਲਾਕਬਸਟਰ ਬਾਲੀਵੁੱਡ ਫਿਲਮਾਂ ਦੇ ਡਿਜੀਟਲ ਰਾਈਟਸ ਖਰੀਦਣ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਿਹਾ ਹੈ, ਜਦੋਂ ਕਿ ਇਸ ਮਾਮਲੇ 'ਚ ਹੌਟ ਸਟਾਰ ਅਤੇ ਨੈੱਟਫਲਿਕਸ ਕਾਫੀ ਪਿੱਛੇ ਰਹਿ ਗਏ ਹਨ। ਐਮਾਜ਼ੋਨ ਪ੍ਰਾਈਮ ਨੂੰ ਸਿਰਫ ਇਕੋ-ਇਕ ਭਾਰਤੀ ਖਿਡਾਰੀ ਜ਼ੀ-5 ਤੋਂ ਚੁਣੌਤੀ ਮਿਲ ਰਹੀ ਹੈ।

ਇਕ ਰਿਪੋਰਟ ਮੁਤਾਬਕ, ਪਿਛਲੇ ਸਾਲ ਜੂਨ ਅਤੇ ਇਸ ਸਾਲ ਜੂਨ ਵਿਚਕਾਰ ਜਾਰੀ ਹੋਈਆਂ ਸਭ ਤੋਂ ਵੱਧ ਕਮਾਈ ਵਾਲੀਆਂ ਟਾਪ-25 ਫਿਲਮਾਂ 'ਚੋਂ ਐਮਾਜ਼ੋਨ ਨੇ 13 ਦੇ ਰਾਈਟਸ ਖਰੀਦੇ ਹਨ। ਇਨ੍ਹਾਂ ਦਿੱਗਜ ਡਿਜੀਟਲ ਵੀਡੀਓ ਸਟ੍ਰੀਮਿੰਗ ਖਿਡਾਰੀਆਂ ਵੱਲੋਂ ਜਿਨ੍ਹਾਂ ਸੁਪਰਹਿੱਟ ਫਿਲਮਾਂ ਦੇ ਡਿਜੀਟਲ ਰਾਈਟਸ ਖਰੀਦੇ ਗਏ, ਉਨ੍ਹਾਂ 'ਚ ਟਿਊਬਲਾਈਟ, ਟਾਈਗਰ ਜ਼ਿੰਦਾ ਹੈ, ਗੋਲਮਾਲ ਅਗੇਨ ਅਤੇ ਪੱਦਮਾਵਤ ਸ਼ਾਮਲ ਹਨ। ਹਾਲਾਂਕਿ ਜ਼ੀ-5 ਇਸ 'ਚ ਦੇਰ ਨਾਲ ਸ਼ਾਮਲ ਹੋਇਆ ਪਰ 6 ਫਿਲਮਾਂ ਦੇ ਡਿਜੀਟਲ ਰਾਈਟਸ ਖਰੀਦਣ 'ਚ ਕਾਮਯਾਬ ਰਿਹਾ।

ਓਧਰ ਨੈੱਟਫਲਿਕਸ ਅਤੇ ਹੌਟ ਸਟਾਰ ਆਪਣੇ ਹਿੰਦੀ ਮਨੋਰੰਜਨ ਦੀ ਸਮੱਗਰੀ ਵਧਾਉਣ ਲਈ ਹਿੰਦੀ ਫਿਲਮਾਂ ਦੇ ਰਾਈਟਸ ਖਰੀਦ ਰਹੇ ਹਨ। ਇਸ ਤੋਂ ਪਹਿਲਾਂ ਨੈੱਟਫਲਿਕਸ ਸਿਰਫ ਇੰਟਰਨੈਸ਼ਨਲ ਫਿਲਮਾਂ 'ਤੇ ਹੀ ਪੂਰੀ ਤਰ੍ਹਾਂ ਨਿਰਭਰ ਸੀ। ਹੁਣ ਇਹ ਹਿੰਦੀ ਪ੍ਰੋਗਰਾਮ ਵੀ ਦਿਖਾ ਰਿਹਾ ਹੈ। ਉੱਥੇ ਹੀ ਹੌਟ ਸਟਾਰ ਨੇ ਸਪੋਰਟਸ 'ਚ ਨਿਵੇਸ਼ ਕੀਤਾ ਹੈ, ਖਾਸ ਕਰਕੇ ਉਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਡਿਜੀਟਲ ਰਾਈਟਸ ਖਰੀਦੇ ਹਨ। ਫਿਲਮਾਂ 'ਚੋਂ ਇਸ ਨੇ ਜੁੜਵਾ 2 ਅਤੇ ਬਾਦਸ਼ਾਓ ਦੇ ਰਾਈਟਸ ਨੈੱਟਫਲਿਕਸ ਨਾਲ ਸਾਂਝੇ ਕੀਤੇ ਹਨ, ਜਦੋਂ ਕਿ ਰਾਜੀ ਅਤੇ ਰੇਡ ਦੇ ਡਿਜੀਟਲ ਰਾਈਟਸ ਸਿਰਫ ਇਸੇ ਕੋਲ ਹੀ ਹਨ।


Related News